ਫਾਜ਼ਿਲਕਾ 'ਚ ASI ਨਾਲ ਕੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਏਐਸਆਈ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਸ ਨੇ ਪੁਲਸ ਨਾਲ ਬਦਸਲੂਕੀ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਵਾਹਨ ਪਾਰਕ ਕਰਨ ਨੂੰ ਲੈ ਕੇ ਵਿਵਾਦ
ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਈਕਲ ਬਾਜ਼ਾਰ ਨੇੜੇ ਹੋਟਲ ਬਾਜ਼ਾਰ ਨੂੰ ਜਾ ਰਿਹਾ ਸੀ ਪਰ ਇਸ ਦੌਰਾਨ ਇੱਕ ਐਕਟਿਵਾ ਸਵਾਰ ਵਿਅਕਤੀ ਕਾਰ ਦੇ ਅੱਗੇ ਆ ਕੇ ਕਾਰ ਸਾਈਡ ਕਰਨ ਦਾ ਇਸ਼ਾਰਾ ਕਰਨ ਲੱਗਾ। ਟ੍ਰੈਫਿਕ ਜਾਮ ਕਾਰਨ ਉਸ ਦੀ ਕਾਰ ਨਹੀਂ ਮੁੜ ਰਹੀ ਸੀ, ਜਿਸ ਕਾਰਨ ਐਕਟਿਵਾ ਚਾਲਕ ਤੇ ਉਸ ਦੇ ਸਾਥੀ ਨੇ ਉਸ ਨਾਲ ਦੁਰ-ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ।
ਜਦੋਂ ਉਹ ਕਾਰ 'ਚੋਂ ਉਤਰੇ ਤਾਂ ਉਨ੍ਹਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ, ਜਿਸ 'ਚ ਉਹ ਜ਼ਖਮੀ ਹੋ ਗਏ ਪਰ ਫਿਰ ਵੀ ਉਹ ਲੜਦੇ ਰਹੇ। ਉਧਰ ਪੀੜਤ ਏਐਸਆਈ ਜਤਿੰਦਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਸ ਨੇ ਮਾਮਲਾ ਕੀਤਾ ਦਰਜ
ਏਐਸਆਈ ਜਤਿੰਦਰ ਸਿੰਘ ਨੇ ਥਾਣਾ ਸਿਟੀ ਫਾਜ਼ਿਲਕਾ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਰਜਿੰਦਰ ਸਿੰਘ ਵਾਸੀ ਝੁੱਗੇ ਗੁਲਾਬ ਸਿੰਘ, ਗਗਨਦੀਪ ਉਰਫ਼ ਖਲੀ ਵਾਸੀ ਆਨੰਦਪੁਰ ਮੁਹੱਲਾ ਫਾਜ਼ਿਲਕਾ, ਕੁਲਵਿੰਦਰ ਸਿੰਘ ਵਾਸੀ ਬਹਿਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।