ਗੁਰਦਾਸਪੁਰ ਦੇ ਕਸਬਾ ਹਰਚੋਵਾਲ ਨੇੜੇ ਇਕ 85 ਸਾਲਾ ਵਿਅਕਤੀ 'ਤੇ ਗੁਆਂਢੀ ਦੇ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਬਜ਼ੁਰਗ ਦੇ ਚਿਹਰੇ, ਗਰਦਨ, ਹੱਥ ਅਤੇ ਲੱਤਾਂ ਨੂੰ ਬੁਰੀ ਤਰ੍ਹਾਂ ਵੱਢਿਆ, ਜਿਸ ਕਾਰਨ ਬਜ਼ੁਰਗ ਵਿਅਕਤੀ ਨੂੰ ਸੀਐਚਸੀ ਹਰਚੋਵਾਲ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰਨਾ ਪਿਆ। ਪਰਿਵਾਰ ਨੂੰ ਕਰੀਬ 20 ਮਿੰਟ ਕੁੱਤੇ ਨਾਲ ਲੜਨਾ ਪਿਆ ਅਤੇ ਕੁੱਤੇ ਨੂੰ ਡੰਡਿਆਂ ਨਾਲ ਕੁੱਟ ਕੇ ਬਜ਼ੁਰਗ ਨੂੰ ਬਚਾਇਆ ਗਿਆ।
ਘਰ ਆਉਂਦੇ ਸਮੇਂ ਪਿਟਬੁਲ ਕੁੱਤੇ ਨੇ ਕੀਤਾ ਹਮਲਾ
ਜ਼ਖ਼ਮੀ ਬਜ਼ੁਰਗ ਛੱਲਾ ਰਾਮ ਦੇ ਭਤੀਜੇ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਚਾਚਾ ਦੁਪਹਿਰ ਵੇਲੇ ਰੋਟੀ ਖਾਣ ਲਈ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ। ਪਰ ਘਰ ਦੇ ਨੇੜੇ ਹੀ ਗੁਆਂਢੀ ਦੇ ਪਿਟਬੁਲ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਰਮਨ ਕੁਮਾਰ ਨੇ ਇਹ ਵੀ ਦੱਸਿਆ ਕਿ ਇਸ ਖ਼ਤਰਨਾਕ ਕੁੱਤੇ ਨੂੰ ਗੁਆਂਢੀਆਂ ਨੇ ਖੁਲਾ ਛਡਿਆ ਸੀ। ਜਦਕਿ ਇਹ ਪਹਿਲਾਂ ਵੀ ਕਈ ਲੋਕਾਂ 'ਤੇ ਹਮਲੇ ਕਰ ਚੁੱਕਾ ਹੈ।
ਹੁਣ ਬਜ਼ੁਰਗ ਦੀ ਹਾਲਤ ਖਤਰੇ ਤੋਂ ਬਾਹਰ
ਸਿਵਲ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਭੁਪੇਸ਼ ਕੁਮਾਰ ਨੇ ਦੱਸਿਆ ਕਿ ਕੁੱਤੇ ਦੇ ਕੱਟਣ ਕਾਰਨ ਬਜ਼ੁਰਗ ਛੱਲਾ ਰਾਮ ਦਾ ਚਿਹਰਾ, ਗਰਦਨ, ਹੱਥ ਅਤੇ ਲੱਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਨਾਲ ਹੀ ਉਸ ਦੇ ਹੱਥ 'ਤੇ ਟਾਂਕਾ ਲਗਾਇਆ ਗਿਆ ਹੈ। ਹਾਲਾਂਕਿ ਹੁਣ ਬਜ਼ੁਰਗ ਦੀ ਹਾਲਤ ਖਤਰੇ ਤੋਂ ਬਾਹਰ ਹੈ।