ਲੁਧਿਆਣਾ 'ਚ ਪਿਟਬੁਲ ਕੁੱਤੇ ਨੇ ਇਕ ਔਰਤ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕੁੱਤੇ ਨੇ ਕਰੀਬ 10 ਤੋਂ 15 ਮਿੰਟ ਤੱਕ ਔਰਤ ਦੀ ਬਾਂਹ ਨੂੰ ਆਪਣੇ ਜਬਾੜਿਆਂ ਵਿੱਚ ਜਕੜੀ ਰੱਖਿਆ ਅਤੇ ਦੰਦਾਂ ਨਾਲ ਉਸ ਦੀ ਬਾਂਹ ਤੇ ਲੱਤ ਉਤੇ ਵੀ ਵੱਢਿਆ। ਘਟਨਾ ਤੋਂ ਬਾਅਦ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਪਿਟਬੁੱਲ ਕੁੱਤੇ ਨੇ ਔਰਤ ਦੀ ਬਾਂਹ ਆਪਣੇ ਜਬਾੜਿਆਂ ਵਿੱਚ ਫੜ੍ਹ ਲਈ ਤਾਂ ਆਸ-ਪਾਸ ਦੇ ਲੋਕਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਨੂੰ ਬਚਾਇਆ।
ਰੌਲਾ ਸੁਣ ਲੋਕ ਹੋਏ ਇਕੱਠੇ
ਜ਼ਖਮੀ ਰਿੱਤੂ ਨੇ ਦੱਸਿਆ ਕਿ ਉਹ ਬੈਂਕ ਤੋਂ ਕੋਈ ਕੰਮ ਕਰਵਾ ਕੇ ਘਰ ਜਾ ਰਹੀ ਸੀ ਪਰ ਜਦੋਂ ਉਹ ਇੱਕ ਗਲੀ ਵਿੱਚੋਂ ਲੰਘਣ ਲੱਗੀ ਤਾਂ ਅਚਾਨਕ ਇੱਕ ਪਿੱਟਬੁਲ ਕੁੱਤਾ ਬਾਹਰ ਆਇਆ ਅਤੇ ਉਸ ਉਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਰੌਲਾ ਸੁਣ ਕੇ ਪੂਰਾ ਇਲਾਕਾ ਇਕੱਠਾ ਹੋ ਗਿਆ।
ਲੋਕਾਂ ਨੇ ਕੁੱਤੇ 'ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ
ਲੋਕਾਂ ਨੇ ਕੁੱਤੇ 'ਤੇ ਡੰਡਿਆਂ ਨਾਲ ਕਈ ਵਾਰ ਹਮਲਾ ਕੀਤਾ ਪਰ ਕੁੱਤੇ ਨੇ ਔਰਤ ਦੀ ਬਾਂਹ ਨਹੀਂ ਛੱਡੀ। ਰਿਤੂ ਮੁਤਾਬਕ ਇਲਾਕੇ ਦੇ ਕਪਿਲ ਨਾਂ ਦੇ ਨੌਜਵਾਨ ਨੇ ਇਸ ਕੁੱਤੇ ਨੂੰ ਘਰ ਵਿੱਚ ਪਾਲਿਆ ਹੋਇਆ ਹੈ। ਅੱਜ ਜਦੋਂ ਕਪਿਲ ਦੇ ਪਿਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਫਿਲਹਾਲ ਉਸ ਦਾ ਪਤੀ ਉਸ ਦਾ ਇਲਾਜ ਕਰਵਾ ਰਿਹਾ ਹੈ।
ਮਾਲਕ ਨੇ ਕੁੱਤੇ ਨੂੰ ਛੱਡਣ ਦਾ ਕੀਤਾ ਫੈਸਲਾ
ਪਿਟਬੁੱਲ ਕੁੱਤੇ ਦੇ ਮਾਲਕ ਕਪਿਲ ਨੇ ਦੱਸਿਆ ਕਿ ਔਰਤ ਨੇ ਆਪਣੇ ਹੱਥ ਵਿੱਚ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ। ਇਹ ਦੇਖ ਕੇ ਕੁੱਤੇ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ 16 ਮਹੀਨਿਆਂ ਦਾ ਕੁੱਤਾ ਇੰਨਾ ਖੂੰਖਾਰ ਹੋ ਗਿਆ ਹੈ। ਹਾਲਾਂਕਿ ਕੁੱਤੇ ਦੇ ਸਾਰੇ ਟੀਕੇ ਲੱਗ ਚੁੱਕੇ ਹਨ, ਪਰ ਹੁਣ ਉਹ ਕੁੱਤੇ ਨੂੰ ਛੱਡ ਦੇਣਗੇ।
ਇਸ ਤੋਂ ਪਹਿਲਾਂ ਪਿਟਬੁਲ ਕੁੱਤੇ ਨੇ ਔਰਤ ਅਤੇ ਘੋੜੇ ਨੂੰ ਵੱਢਿਆ ਸੀ
ਇਸ ਤੋਂ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਇੱਕ ਪਿਟਬੁੱਲ ਕੁੱਤੇ ਨੇ ਰੱਸੀ ਤੋੜ ਕੇ ਇੱਕ ਰੇਹੜੇ ਦੇ ਘੋੜੇ 'ਤੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੁੱਤੇ ਨੇ ਘੋੜੇ ਨੂੰ ਕਰੀਬ 10 ਮਿੰਟ ਤੱਕ ਆਪਣੇ ਜਬਾੜੇ ਵਿੱਚ ਜਕੜ ਕੇ ਰੱਖਿਆ। ਹਾਲਾਂਕਿ ਕਾਫੀ ਮਿਹਨਤ ਤੋਂ ਬਾਅਦ ਲੋਕਾਂ ਨੇ ਘੋੜੇ ਨੂੰ ਛੁਡਵਾਇਆ। ਇਸ ਤੋਂ ਬਾਅਦ ਕੁੱਤੇ ਨੇ ਇਕ ਔਰਤ 'ਤੇ ਵੀ ਹਮਲਾ ਕਰ ਦਿੱਤਾ।