ਲੁਧਿਆਣਾ ਵਿੱਚ ਇੱਕ ਪਿਟਬੁੱਲ ਕੁੱਤੇ ਨੇ ਰੱਸੀ ਤੋੜ ਕੇ ਇੱਕ ਰੇਹੜਾ ਘੋੜੇ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕੁੱਤੇ ਨੇ ਘੋੜੇ ਨੂੰ ਕਰੀਬ 10 ਮਿੰਟ ਤੱਕ ਆਪਣੇ ਜਬਾੜੇ ਵਿੱਚ ਜਕੜ ਕੇ ਰੱਖਿਆ। ਹਾਲਾਂਕਿ ਕਾਫੀ ਮਿਹਨਤ ਤੋਂ ਬਾਅਦ ਲੋਕਾਂ ਨੇ ਘੋੜੇ ਨੂੰ ਛੁਡਵਾਇਆ। ਇਸ ਤੋਂ ਬਾਅਦ ਕੁੱਤੇ ਨੇ ਇਕ ਔਰਤ 'ਤੇ ਹਮਲਾ ਕਰ ਦਿੱਤਾ।
ਲੋਕਾਂ ਨੇ ਇਧਰ-ਉਧਰ ਭੱਜ ਕੇ ਬਚਾਈ ਜਾਨ
ਲੋਕਾਂ ਨੇ ਦੱਸਿਆ ਕਿ ਪਿਟਬੁੱਲ ਕੁੱਤੇ ਦਾ ਮਾਲਕ ਇਸ ਨੂੰ ਸੂਫੀਆ ਚੌਕ ਨੇੜੇ ਸੈਰ ਲਈ ਲੈ ਕੇ ਜਾ ਰਿਹਾ ਸੀ ਪਰ ਅਚਾਨਕ ਪਿਟਬੁਲ ਕੁੱਤੇ ਨੇ ਰੱਸੀ ਤੋੜ ਦਿੱਤੀ ਅਤੇ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਰਾਮ ਦੁਲਾਰ ਨੇ ਦੱਸਿਆ ਕਿ ਇਹ ਕੁੱਤਾ ਪਿਛਲੇ 2 ਦਿਨਾਂ ਤੋਂ ਵੀ ਇਲਾਕੇ ਵਿੱਚ ਘੁੰਮ ਰਿਹਾ ਸੀ।
ਘੋੜੇ 'ਤੇ ਦੰਦਾਂ ਦੇ ਨਿਸ਼ਾਨ
ਇਸ ਮਾਮਲੇ ਵਿੱਚ ਪੁਲਸ ਨੇ ਦੱਸਿਆ ਕਿ ਇਹ ਕੁੱਤਾ ਕਾਲੜਾ ਇੰਡਸਟਰੀ ਦਾ ਹੈ। ਘੋੜੇ 'ਤੇ ਦੰਦਾਂ ਦੇ ਨਿਸ਼ਾਨ ਹਨ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਵੀ ਹੋ ਚੱਕੈ ਪਿੱਟ ਬੁੱਲ ਦਾ ਹਮਲਾ
ਇਸ ਤੋਂ ਕੁਝ ਦਿਨ ਪਹਿਲਾਂ ਮੋਹਾਲੀ ਦੇ ਖਰੜ 'ਚ ਘਰ ਦੀ ਸਫਾਈ ਕਰਨ ਆਈ ਇਕ ਔਰਤ 'ਤੇ ਦੋ ਪਿਟਬੁਲ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ ਸੀ। ਕੁੱਤਿਆਂ ਨੇ ਪੀੜਤ ਰਾਖੀ ਦੇ ਮੂੰਹ ਦਾ ਅੱਧਾ ਹਿੱਸਾ ਖਾ ਲਿਆ, ਇਸ ਤੋਂ ਇਲਾਵਾ ਉਸ ਦੀ ਗਰਦਨ, ਪੇਟ, ਹੱਥਾਂ ਅਤੇ ਦੋਵੇਂ ਲੱਤਾਂ 'ਤੇ ਵੱਢਣ ਦੇ ਕਈ ਜ਼ਖ਼ਮ ਸਨ।