ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ| ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ| ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਡੇ ਆਪ੍ਰੇਸ਼ਨਾਂ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ| ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ 'ਚ 4.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੋ ਆਪ੍ਰੇਸ਼ਨਾਂ ਵਿੱਚ 7 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ|
ਪੁਲਿਸ ਨੇ ਇਹ ਸਾਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ। ਇਸ ਆਧਾਰ 'ਤੇ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫੜ ਲਿਆ। ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇਹ ਪੂਰਾ ਨੈੱਟਵਰਕ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਦੇ ਸੰਪਰਕ ਕਈ ਹੋਰ ਰਾਜਾਂ ਅਤੇ ਦੇਸ਼ਾਂ ਤੱਕ ਫੈਲੇ ਹੋਏ ਹਨ।
ਜਾਂਚ ਦੌਰਾਨ ਪਤਾ ਲੱਗਾ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਦਾ ਸੰਬੰਧ ਗੁਰਦੀਪ ਉਰਫ਼ ਰਾਣੋ ਨਾਲ ਜੁੜੇ ਹੋਏ ਸਨ, ਜੋ ਕਿ ਇਸ ਸਿੰਡੀਕੇਟ ਦਾ ਇੱਕ ਮੁੱਖ ਸੰਚਾਲਕ ਹੈ। ਗੁਰਦੀਪ ਨੂੰ ਪਹਿਲਾਂ ਹੀ ਪੀਆਈਟੀ ਐਨਡੀਪੀਐਸ ਐਕਟ ਤਹਿਤ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਪੁਲਿਸ ਹੁਣ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਅਤੇ ਇਸ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਹੋਰ ਜਾਂਚ ਕਰ ਰਹੀ ਹੈ, ਤਾਂ ਜੋ ਪੂਰੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਜਾ ਸਕੇ।