ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਤੇਜ਼ ਹਨੇਰੀ ਤੇ ਤੂਫ਼ਾਨ ਕਾਰਣ ਕਾਫੀ ਰੁੱਖ ਤੇ ਖੰਬੇ ਪੁੱਟੇ ਗਏ ਹਨ। ਤੇਜ਼ ਤੂਫਾਨ ਕਾਰਨ ਪਾਵਰਕਾਮ ਨੂੰ ਲਗਭਗ 5.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਿਉਂਕਿ 100 ਤੋਂ ਵੱਧ ਟ੍ਰਾਂਸਫਾਰਮਰ ਅਤੇ 2000 ਤੋਂ ਵੱਧ ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ।
ਟਰਾਂਸਫਾਰਮਰ, ਖੰਭੇ ਅਤੇ ਟਰਾਂਸਮਿਸ਼ਨ ਲਾਈਨਾਂ ਨੂੰ ਨੁਕਸਾਨ ਪਹੁੰਚਿਆ
ਰਿਪੋਰਟ ਦੇ ਅਨੁਸਾਰ, ਪਾਵਰਕਾਮ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤੂਫਾਨ ਕਾਰਨ, ਟ੍ਰਾਂਸਮਿਸ਼ਨ ਲਾਈਨਾਂ ਅਤੇ ਕਈ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ 2 ਹਜ਼ਾਰ ਤੋਂ ਵੱਧ ਖੰਭਿਆਂ ਅਤੇ 100 ਟ੍ਰਾਂਸਫਾਰਮਰਾਂ ਦੇ ਨੁਕਸਾਨ ਕਾਰਨ 2.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਕਈ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਤ
ਅਧਿਕਾਰੀ ਨੇ ਅੱਗੇ ਕਿਹਾ ਕਿ ਕਈ ਇਲਾਕਿਆਂ ਵਿੱਚ 8 ਤੋਂ 10 ਘੰਟੇ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਈ ਹੈ। ਮਾਲਵਾ ਖੇਤਰ ਵਿੱਚ ਤੂਫਾਨ ਕਾਰਨ ਸੈਂਕੜੇ ਦਰੱਖਤ ਵੀ ਜੜ੍ਹੋਂ ਉੱਖੜ ਗਏ। ਇਸ ਕਾਰਨ ਮਲੇਰਕੋਟਲਾ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਇੱਕ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਕਣਕ ਉਤਪਾਦਕਾਂ ਨੂੰ ਤੂਫਾਨ ਕਾਰਨ ਲਗਭਗ 2-3 ਪ੍ਰਤੀਸ਼ਤ ਦੇ ਝਾੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੀਆਂ ਫਸਲਾਂ ਮੀਂਹ ਕਾਰਣ ਨੁਕਸਾਨੀਆਂ ਗਈਆਂ ਹਨ ਅਤੇ ਮੰਡੀ ਵਿਚ ਆਈ ਫਸਲ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।