ਮੋਗਾ ਦੇ ਬਾਘਾ ਪੁਰਾਣਾ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਤੇ ਹੰਸਰਾਜ ਹੰਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮਗਰੋਂ ਪੁਲਿਸ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।
ਮੈਨੂੰ ਜਿਤਾਓ, ਸਰਹੱਦ 'ਤੇ ਬੈਠਣ ਦੀ ਲੋੜ ਨਹੀਂ
ਹੰਸਰਾਜ ਹੰਸ ਨੇ ਕਿਹਾ ਕਿ ਮੈਂ ਜਦੋਂ ਵੀ ਆਉਂਦਾ ਹਾਂ ਤਾਂ ਮੈਨੂੰ ਕਿਸਾਨਾਂ ਦੀਆਂ ਅੱਖਾਂ ਵਿੱਚ ਪਿਆਰ ਹੀ ਨਜ਼ਰ ਆਉਂਦਾ ਹੈ। ਮੈਂ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਇਕੱਠੇ ਬੈਠ ਕੇ ਇਸ ਮਾਮਲੇ 'ਤੇ ਵਿਚਾਰ ਕਰਨ। ਮੇਰੇ 'ਤੇ ਭਰੋਸਾ ਕਰੋ, ਮੈਂ ਇਸ ਮਾਮਲੇ 'ਤੇ ਸਰਕਾਰ ਨਾਲ ਗੱਲ ਕਰਾਂਗਾ, ਨਹੀਂ ਤਾਂ ਮੈਂ ਖੁਦ ਸ਼ੰਭੂ ਬਾਰਡਰ 'ਤੇ ਕਿਸਾਨਾਂ ਨਾਲ ਬੈਠਾਂਗਾ, ਪਰ ਇਸ ਦੀ ਕੋਈ ਲੋੜ ਨਹੀਂ ਪਵੇਗੀ।
ਭਾਜਪਾ ਨੇ ਸਾਡੇ ਨਾਲ ਧੱਕਾ ਕੀਤਾ
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਦਰਅਸਲ, ਇਸ ਦੇ ਉਲਟ ਉਹ ਹੁਣ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ। ਦਿੱਲੀ ਦੀ ਸਰਹੱਦ 'ਤੇ ਸਾਡੇ ਕਿਸਾਨ ਭਰਾਵਾਂ 'ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਸਨ।
ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ
ਦੱਸ ਦੇਈਏ ਕਿ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਹੰਸਰਾਜ ਹੰਸ ਦਾ ਪਹਿਲਾਂ ਵੀ ਕਿਸਾਨ ਵਿਰੋਧ ਕਰ ਚੁੱਕੇ ਹਨ। ਜਦੋਂਕਿ ਪ੍ਰਨੀਤ ਕੌਰ, ਤਰਨਜੀਤ ਸਿੰਘ ਸੰਧੂ ਅਤੇ ਹੋਰ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।