ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਲੋਕ ਸਭਾ ਦੇ ਬਾਹਰ ਭਾਜਪਾ ਵਿਰੁੱਧ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਤਖ਼ਤੀਆਂ ਫੜ ਕੇ ਭਾਜਪਾ ਦਾ ਵਿਰੋਧ ਕੀਤਾ।
ਬੀਜੇਪੀ ਫਸਲਾਂ ਦੀ ਖਰੀਦ ਵਿੱਚ ਦੇਰੀ ਕਰ ਰਹੀ
ਰਾਜਾ ਵੜਿੰਗ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਫ਼ਸਲਾਂ ਦੀ ਖ਼ਰੀਦ ਵਿੱਚ ਹੋ ਰਹੀ ਦੇਰੀ ਦਾ ਕਾਰਨ ਭਾਰਤੀ ਜਨਤਾ ਪਾਰਟੀ ਹੈ। ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਹਾਲਤ ਠੀਕ ਨਹੀਂ ਹੈ। ਇਸ ਦੌਰਾਨ ਤਖਤੀ 'ਤੇ ਲਿਖਿਆ ਗਿਆ ਸੀ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਫਸਲ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪਰਿਵਾਰਵਾਦ ਨੂੰ ਲੈ ਕੇ ਬਿੱਟੂ ਨੂੰ ਨਿਸ਼ਾਨਾ ਬਣਾਇਆ
ਇਸ ਤੋਂ ਬਾਅਦ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਪਰਿਵਾਰਵਾਦ ਦੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਦੇ ਦਾਦਾ ਜੀ ਮੁੱਖ ਮੰਤਰੀ ਸਨ, ਉਨ੍ਹਾਂ ਦੇ ਭਰਾ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ, ਉਨ੍ਹਾਂ ਦੇ ਮਾਮਾ ਅਤੇ ਚਾਚੀ ਮੰਤਰੀ ਸਨ। ਬਿੱਟੂ ਨੇ ਕਾਂਗਰਸ ਸਰਕਾਰ ਵੇਲੇ ਆਪਣੇ ਭਰਾ ਨੂੰ ਪੁਲਸ ਵਿੱਚ ਡੀਐਸਪੀ ਵਜੋਂ ਭਰਤੀ ਕਰਵਾਇਆ ਸੀ। ਜੇਕਰ ਬਿੱਟੂ ਪਰਿਵਾਰਵਾਦ ਦੀ ਗੱਲ ਕਰਨਗੇ ਤਾਂ ਲੋਕ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਹੀ ਸਵਾਲ ਪੁੱਛਣਗੇ।
ਬਿੱਟੂ ਨਿੱਜੀ ਟਿੱਪਣੀਆਂ ਤੋਂ ਬਚਣ
ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਬਿੱਟੂ ਭਾਜਪਾ ਨੂੰ ਖੁਸ਼ ਕਰਨ ਲਈ ਨਿੱਜੀ ਟਿੱਪਣੀਆਂ ਕਰ ਰਹੇ ਹਨ। ਮੈਂ ਬਿੱਟੂ ਨੂੰ ਸਲਾਹ ਦੇਵਾਂਗਾ ਕਿ ਉਹ ਨਿੱਜੀ ਟਿੱਪਣੀਆਂ ਕਰਨ ਦੀ ਬਜਾਏ ਆਪਣਾ ਕੰਮ ਕਰ ਕੇ ਦਿਖਾਉਣ। ਉਹ ਕੇਂਦਰ ਸਰਕਾਰ ਵਿੱਚ ਰੇਲ ਰਾਜ ਮੰਤਰੀ ਹਨ ਤਾਂ ਉਹ ਪੰਜਾਬ ਲਈ ਚੰਗੀਆਂ ਸਕੀਮਾਂ ਲੈ ਕੇ ਆਉਣ।