ਪੰਜਾਬ ਸਰਕਾਰ ਜਲਦ ਹੀ ਜਲੰਧਰ ਪੱਛਮੀ ਤੋਂ ਉਪ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੀ ਹੈ। ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਇੱਕ-ਦੋ ਦਿਨਾਂ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਗਿਆ ਹੈ।
ਮੰਤਰੀ ਮੰਡਲ 'ਚ ਜ਼ਿਆਦਾ ਫੇਰਬਦਲ ਨਹੀਂ ਹੋਵੇਗਾ
ਸੂਤਰਾਂ ਅਨੁਸਾਰ ਮੰਤਰੀ ਮੰਡਲ ਵਿੱਚ ਬਹੁਤੇ ਫੇਰਬਦਲ ਦੀ ਕੋਈ ਉਮੀਦ ਨਹੀਂ ਹੈ। ਕੇਵਲ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਕਿਹੜਾ ਮੰਤਰਾਲਾ ਸੌਂਪਦੇ ਹਨ। ਹਾਲਾਂਕਿ ਸੰਸਦ ਮੈਂਬਰ ਗੁਰਮੀਤ ਹੇਅਰ ਵੱਲੋਂ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕਿਸੇ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ।
ਸੀ ਐਮ ਮਾਨ ਨੇ ਵਾਅਦਾ ਕੀਤਾ ਸੀ
ਦੱਸ ਦੇਈਏ ਕਿ ਜਲੰਧਰ ਉਪ ਚੋਣ ਦੌਰਾਨ ਸੀ ਐਮ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਮਹਿੰਦਰ ਭਗਤ ਚੋਣ ਜਿੱਤਦੇ ਹਨ ਤਾਂ ਉਹ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਦੇਣਗੇ। ਇਸ ਵੇਲੇ ਜਲੰਧਰ ਸ਼ਹਿਰ ਤੋਂ ‘ਆਪ’ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਹੈ। ਹਾਲਾਂਕਿ ਕਰਤਾਰਪੁਰ ਸੀਟ ਤੋਂ ਵਿਧਾਇਕ ਬਲਕਾਰ ਸਿੰਘ ਸਰਕਾਰ ਵਿੱਚ ਮੰਤਰੀ ਜ਼ਰੂਰ ਹਨ।
ਮਹਿੰਦਰ ਭਗਤ 37 ਹਜ਼ਾਰ ਵੋਟਾਂ ਨਾਲ ਜੇਤੂ ਰਹੇ
ਮਹਿੰਦਰ ਭਗਤ ਨੇ ਜਲੰਧਰ ਉਪ ਚੋਣ 37 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ। ਉਨ੍ਹਾਂ ਨੂੰ 55,246 ਵੋਟਾਂ ਮਿਲੀਆਂ ਹਨ। ਜਦੋਂਕਿ ਭਾਜਪਾ ਦੇ ਸ਼ੀਤਲ ਅੰਗੁਰਾਲ 17,921 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ। ਸੁਰਿੰਦਰ ਕੌਰ 16,757 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੀ।