ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਫਿਰ ਤੋਂ ਮੁਕਤ ਹੋਵੇਗਾ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਵਿਰੋਧ 'ਚ 20 ਅਕਤੂਬਰ ਨੂੰ ਨੈਸ਼ਨਲ ਹਾਈਵੇਅ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਨੂੰ ਫ਼੍ਰੀ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਫ਼ਸਲ ਨੂੰ ਮੰਡੀਆਂ 'ਚੋਂ ਚੁਕਵਾਇਆ ਜਾਵੇ ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਨੂੰ ਮੰਡੀਆਂ 'ਚ ਆਪਣੀ ਫਸਲ ਵੇਚਣ ਲਈ ਕਈ ਦਿਨਾਂ ਤੋਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਜਲੰਧਰ 'ਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ 21 ਅਕਤੂਬਰ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਹ ਫਗਵਾੜਾ ਸ਼ੂਗਰ ਮਿੱਲ ਨੇੜੇ ਹਾਈਵੇਅ ਜਾਮ ਕਰਨਗੇ। ਜੇਕਰ ਸਰਕਾਰ ਨੇ ਸਾਰਿਆਂ ਤੋਂ ਝੋਨਾ ਨਾ ਖਰੀਦਿਆ ਤਾਂ ਇਹ ਕਦਮ ਚੁੱਕੇ ਜਾਣਗੇ। ਜੇਕਰ ਸਰਕਾਰ ਨੇ ਫਿਰ ਵੀ ਨਾ ਸੁਣੀ ਤਾਂ ਪੰਜਾਬ ਵਿੱਚ ਹਾਈਵੇ ਜਾਮ ਕਰਨ ਤੋਂ ਵੱਡਾ ਕਦਮ ਚੁੱਕਿਆ ਜਾਵੇਗਾ। ਹਰ ਰੋਜ਼ ਕੋਈ ਨਾ ਕੋਈ ਨਵਾਂ ਕਦਮ ਚੁੱਕਿਆ ਜਾਵੇਗਾ, ਇਸ ਲਈ ਸਰਕਾਰ ਨੂੰ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕਰਨੀ ਚਾਹੀਦੀ ਹੈ।
ਨੈਸ਼ਨਲ ਹਾਈਵੇਅ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਨ ਦੀ ਚਿਤਾਵਨੀ
ਸੂਬਾ ਸਕੱਤਰ ਸਰਦਾਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਹੱਲ ਨਾ ਕੀਤਾ ਗਿਆ ਤਾਂ 21 ਅਕਤੂਬਰ 2024 ਨੂੰ ਸਵੇਰੇ 10 ਵਜੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਫਗਵਾੜਾ ਸ਼ੂਗਰ ਮਿੱਲ ਚੌਂਕ ਵੱਲ ਹਜ਼ਾਰਾਂ ਕਿਸਾਨ ਝੋਨੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਜਾਣਗੇ ਅਤੇ ਸਰਕਾਰ ਦੇ ਖਿਲਾਫ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ।
ਸ਼ੈਲਰ ਮਾਲਕਾਂ ਖਿਲਾਫ ਵੀ ਕੀਤਾ ਜਾਵੇਗਾ ਪ੍ਰਦਰਸ਼ਨ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਕੋਈ ਠੋਸ ਉਪਰਾਲੇ ਨਾ ਕੀਤੇ ਜਾਣ ਕਾਰਨ ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਸਥਿਤੀ ਬੇਹੱਦ ਚਿੰਤਾਜਨਕ ਬਣ ਗਈ ਹੈ। ਸ਼ੈਲਰ ਮਾਲਕ ਕਿਸਾਨਾਂ ਨਾਲ ਧੋਖਾ ਕਰ ਰਹੇ ਹਨ। ਜੇਕਰ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਬਾਰੇ ਨਾ ਸੋਚਿਆ ਤਾਂ ਕਿਸਾਨ ਇੱਕ ਤੋਂ ਬਾਅਦ ਇੱਕ ਵੱਡੇ ਕਦਮ ਚੁੱਕਣਗੇ। ਜੇਕਰ ਇਸ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਸ਼ੈਲਰ ਮਾਲਕਾਂ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾਣਗੇ।