ਅਮਰੀਕਾ ਦੇ ਸ਼ਿਕਾਗੋ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਨੇ ਪੰਜਾਬੀ ਲੀਕਰ ਸਟੋਰ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਵਜੋਂ ਹੋਈ ਹੈ। ਮ੍ਰਿਤਕ ਕਪੂਰਥਲਾ ਦੇ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦਾ ਜਵਾਈ ਸੀ।
35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ
ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਨਵੀਨ ਪਿਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਅਤੇ ਸ਼ਿਕਾਗੋ ਵਿੱਚ ਆਪਣਾ ਸਟੋਰ ਚਲਾਉਂਦਾ ਸੀ। ਬੀਤੀ ਰਾਤ ਕਰੀਬ 10.30 ਵਜੇ ਜਦੋਂ ਉਹ ਸਟੋਰ ਬੰਦ ਕਰ ਕੇ ਘਰ ਜਾਣ ਲੱਗਾ ਤਾਂ ਇਕ ਵਿਅਕਤੀ ਸਾਮਾਨ ਲੈਣ ਆਇਆ।
ਬਹਿਸ ਤੋਂ ਬਾਅਦ ਗੋਲੀ ਚੱਲੀ
ਉਸ ਨੇ ਅੱਗੇ ਦੱਸਿਆ ਕਿ ਸਾਮਾਨ ਨੂੰ ਲੈ ਕੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ। ਤਕਰਾਰ ਤੋਂ ਬਾਅਦ ਗੁੱਸੇ 'ਚ ਆਏ ਵਿਅਕਤੀ ਨੇ ਨਵੀਨ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਸਟੋਰ ਨੂੰ ਸੀਲ ਕਰ ਦਿੱਤਾ ਹੈ।