ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਗਾਇਕ ਜਸਵਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਬਠਿੰਡਾ ਜ਼ਿਲ੍ਹੇ ਦੇ ਨਥਾਣਾ ਬਲਾਕ ਦੇ ਪਿੰਡ ਪੂਹਾਲੀ ਕਲਾਂ ਦਾ ਰਹਿਣ ਵਾਲਾ ਸੀ। ਆਪਣੀ ਮੌਤ ਤੋਂ ਪਹਿਲਾਂ ਜਸਵਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਨਾਲ ਹੋਏ ਧੋਖੇ ਦੀ ਜਾਣਕਾਰੀ ਦਿੱਤੀ।
ਵੀਡੀਓ 'ਚ ਬੱਚਿਆਂ ਅਤੇ ਪਰਿਵਾਰ ਤੋਂ ਮੁਆਫੀ ਮੰਗੀ
ਵੀਡੀਓ 'ਚ ਉਸ ਨੇ ਆਪਣੇ ਪਿਤਾ ਅਤੇ ਬੱਚਿਆਂ ਤੋਂ ਮੁਆਫੀ ਮੰਗੀ। ਗਾਇਕ ਨੇ ਕਿਹਾ ਕਿ ਕੁਝ ਲੋਕ ਉਸ ਨੂੰ ਆਰਥਿਕ ਤੌਰ 'ਤੇ ਬਰਬਾਦ ਕਰ ਰਹੇ ਹਨ। ਦੱਸ ਦੇਈਏ ਕਿ ਜਸਵਿੰਦਰ ਪੂਹਲੀ ਕਲਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕਈ ਗੀਤ ਵੀ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤੇ ਹਨ।
ਪੁਲਸ ਜਾਂਚ ਵਿੱਚ ਜੁਟੀ
ਬਠਿੰਡਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਲਦੀ ਹੀ ਪਰਿਵਾਰ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕਰੇਗੀ। ਜਸਵਿੰਦਰ ਸਿੰਘ ਦਾ ਪੋਸਟ ਮਾਰਟਮ ਵੀ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਜਾਵੇਗਾ।
ਖੁਦਕੁਸ਼ੀ ਤੋਂ ਪਹਿਲਾਂ ਇਹ ਗੱਲ ਕਹੀ
ਗਾਇਕ ਨੇ ਲਾਈਵ ਹੋ ਕੇ ਕਿਹਾ ਕਿ ਡਾ: ਰਣਜੀਤ ਸਿੰਘ ਨੀਟਾ ਵਾਸੀ ਭੁੱਚੋ ਮੰਡੀ ਅਤੇ ਉਸ ਦੇ ਭਰਾ ਬੀ.ਐੱਸ.ਮਿੱਠਾ ਨੇ ਮੈਨੂੰ ਬਹੁਤ ਬਦਨਾਮ ਕੀਤਾ ਹੈ ਅਤੇ ਮੈਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ | ਨਾਲੇ, ਮੇਰਾ ਸਾਰਾ ਪੈਸਾ ਅਤੇ ਜਾਇਦਾਦ ਉਨ੍ਹਾਂ ਦੇ ਕਾਰਨ ਵਿਕ ਗਈ ਹੈ। ਗੁਰਵਿੰਦਰ ਭਾਟੀਆ ਮੇਰੇ ਅੱਠ ਲੱਖ ਰੁਪਏ ਖਾ ਗਿਆ। ਮੈਂ ਆਪਣੇ ਬੱਚਿਆਂ ਦਾ ਕੋਈ ਸ਼ੌਕ ਪੂਰਾ ਨਹੀਂ ਕਰ ਸਕਿਆ। ਮੈਂ ਆਪਣਾ ਛੋਟਾ ਭਰਾ ਬਣਾਇਆ ਹੋਇਆ ਸੀ। ਗੁਰਸ਼ਰਨ ਉਹਦਾ ਨਾਂ ਸੀ, ਉਸ ਨੇ ਵੀ ਮੈਨੂੰ ਧੋਖਾ ਦਿੱਤਾ।
ਸੀ ਐਮ ਮਾਨ ਨੂੰ ਢਾਈ ਸਾਲਾਂ ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਮ੍ਰਿਤਕ
ਵੀਡੀਓ ਵਿਚ ਉਸ ਨੇ ਕਿਹਾ ਕਿ ਮੈਂ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਮੈਂ ਇਹ ਵੀਡੀਓ ਇਸ ਲਈ ਬਣਾ ਰਿਹਾ ਹਾਂ ਕਿਉਂਕਿ ਇਹ ਵੀਡੀਓ ਕਿਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਜਾਵੇ, ਤਾਂ ਜੋ ਮੈਨੂੰ ਇਨਸਾਫ ਮਿਲ ਸਕੇ। ਮੈਂ ਢਾਈ ਸਾਲਾਂ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਹੀਂ ਮਿਲ ਸਕਿਆ।