ਜਲੰਧਰ 'ਚ ਚੌਕਾਂ 'ਤੇ ਭਿਖਾਰੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹ ਭੀਖ ਇਕੱਠੀ ਕਰਨ ਲਈ ਵੱਖੋ-ਵੱਖਰੇ ਹੱਥਕੰਡੇ ਅਪਣਾ ਰਹੇ ਹਨ ਅਤੇ ਅਪਾਹਜ ਬਣ ਕੇ ਲੋਕਾਂ ਦੀ ਹਮਦਰਦੀ ਲੈ ਕੇ ਭੀਖ ਮੰਗ ਰਹੇ ਹਨ। ਅਜਿਹੇ ਹੀ ਇੱਕ ਫਰਜ਼ੀ ਭਿਖਾਰੀ ਦਾ ਪਰਦਾਫਾਸ਼ ਜਲੰਧਰ ਮਾਡਲ ਟਾਊਨ ਮੋਬਾਈਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕੀਤਾ ਹੈ, ਜੋ ਬੈਸਾਖੀ ਦੇ ਸਹਾਰੇ ਭੀਖ ਮੰਗ ਰਿਹਾ ਸੀ। ਜਦੋਂ ਰਾਜੀਵ ਦੁੱਗਲ ਨੇ ਮੰਗਤੇ ਦਾ ਪਰਦਾਫਾਸ਼ ਕੀਤਾ ਤਾਂ ਉਹ ਆਪਣੀਆਂ ਬੈਸਾਖੀਆਂ ਛੱਡ ਕੇ ਭੱਜ ਗਿਆ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਰਾਜੀਵ ਦੁੱਗਲ ਨੇ ਅਪਾਹਜ ਮੰਗਤੇ ਦਾ ਕੀਤਾ ਪਰਦਾਫਾਸ਼
ਵੀਡੀਓ 'ਚ ਰਾਜੀਵ ਦੁੱਗਲ ਭਿਖਾਰੀ ਨੂੰ ਤੁਰਨ ਲਈ ਕਹਿ ਰਹੇ ਹਨ ਪਰ ਇਸ ਦੌਰਾਨ ਉਸ ਦੀ ਪਤਨੀ ਰੋਂਦੀ ਹੋਈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਮੰਗਤਾ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਬੈਸਾਖੀ ਨਹੀਂ ਛੱਡਦਾ ਤਾਂ ਉਹ ਉਸ ਤੋਂ ਬੈਸਾਖੀ ਲੈ ਲੈਂਦੇ ਹਨ। ਇਸ ਤੋਂ ਬਾਅਦ ਭਿਖਾਰੀ ਜ਼ਮੀਨ 'ਤੇ ਬੈਠ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਉੱਠ ਕੇ ਤੁਰਨ ਲਈ ਕਹਿੰਦੇ ਹੈ।
ਭਿਖਾਰੀ ਪਹਿਲਾਂ ਤਾਂ ਕੈਮਰਾ ਦੇਖ ਕੇ ਨਹੀਂ ਉੱਠਦਾ ,ਜਦੋਂ ਉਸ ਨੂੰ ਗੁੱਸੇ 'ਚ ਕਿਹਾ ਜਾਂਦਾ ਹੈ, ਤਾਂ ਉਹ ਚਲਾ ਕੇ ਦਿਖਾਉਂਦਾ ਹੈ । ਰਾਜੀਵ ਦੁੱਗਲ ਨੇ ਭਿਖਾਰੀ ਦਾ ਅਸਲ ਸੱਚ ਲੋਕਾਂ ਸਾਹਮਣੇ ਲਿਆਂਦਾ ਹੈ। ਇਸ ਤੋਂ ਬਾਅਦ ਭਿਖਾਰੀ ਨੂੰ ਭੱਜਣ ਲਈ ਕਿਹਾ ਜਾਂਦਾ ਹੈ। ਜਿਸ ਤੋਂ ਬਾਅਦ ਭਿਖਾਰੀ ਦੌੜਦਾ ਹੋਇਆ ਚੌਕ ਦੇ ਪਾਰ ਚਲਾ ਜਾਂਦਾ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਚਣ ਲਈ ਮਜਬੂਰ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਇਹ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਜਿਨ੍ਹਾਂ ਲੋਕਾਂ ਨੂੰ ਉਹ ਅਪਾਹਜ ਅਤੇ ਬੇਸਹਾਰਾ ਸਮਝ ਕੇ ਪੈਸੇ ਦਿੰਦੇ ਹਨ, ਉਹ ਅਸਲ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਅਤੇ ਮੁਫ਼ਤ ਵਿੱਚ ਪੈਸੇ ਲੈਂਦੇ ਹਨ। ਸ਼ਹਿਰ ਦੇ ਹਰ ਚੌਕ ਵਿੱਚ ਭਿਖਾਰੀ ਨਜ਼ਰ ਆਉਂਦੇ ਹਨ ਅਤੇ ਅਕਸਰ ਇਹ ਲੋਕਾਂ ਤੋਂ ਹਮਦਰਦੀ ਲੈ ਕੇ ਪੈਸੇ ਵਸੂਲਦੇ ਹਨ। ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਾਇਦ ਲੋਕ ਭਿਖਾਰੀਆਂ ਨੂੰ ਪੈਸੇ ਦੇਣਾ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਹਿਰ ਵਾਸੀ ਇਨ੍ਹਾਂ ਭਿਖਾਰੀਆਂ ਤੋਂ ਕਦੋਂ ਛੁਟਕਾਰਾ ਪਾਉਣਗੇ ਅਤੇ ਇਨ੍ਹਾਂ ਖਿਲਾਫ ਕਦੋਂ ਕਾਰਵਾਈ ਹੋਵੇਗੀ।