ਖਬਰਿਸਤਾਨ ਨੈੱਟਵਰਕ ਜਲੰਧਰ- ਮਕਸੂਦਾਂ ਥਾਣਾ ਅਧੀਨ ਪੈਂਦੇ ਪਿੰਡ ਕਾਨਪੁਰ 'ਚ 3 ਲੜਕੀਆਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਮੰਡਲ ਦੇ 5 ਬੱਚੇ ਹਨ।
ਗਰੀਬੀ ਕਾਰਣ ਕੀਤਾ ਬੱਚੀਆਂ ਦਾ ਕਤਲ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਅਤਿ ਦੀ ਗਰੀਬੀ ਕਾਰਨ ਲੜਕੀਆਂ ਦਾ ਕਤਲ ਕੀਤਾ ਹੈ। ਦੋਸ਼ੀ ਮਾਂ ਅਤੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੁੱਧ 'ਚ ਮਿਲਾ ਕੇ ਪਿਆਈ ਬੇਹੋਸ਼ੀ ਦੀ ਦਵਾਈ
ਐਸਐਸਪੀ ਮੁਖਵਿੰਦਰ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਪਿਤਾ ਅਤੇ ਮਾਂ ਨੇ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਵਾਂ ਨੇ 3 ਲੜਕੀਆਂ ਨੂੰ ਦੁੱਧ 'ਚ ਬੇਹੋਸ਼ੀ ਦੀ ਦਿਵਾਈ ਮਿਲਾ ਕੇ ਦਿੱਤੀ ਅਤੇ ਕੰਮ 'ਤੇ ਚਲੇ ਗਏ। ਰਾਤ ਨੂੰ ਜਦੋਂ ਮੁਲਜ਼ਮ ਆਇਆ ਤਾਂ ਉਸ ਨੇ ਲੜਕੀਆਂ ਦੇ ਲਾਪਤਾ ਹੋਣ ਦਾ ਬਹਾਨਾ ਲਾਇਆ ਅਤੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
ਜੁਰਮ ਕਬੂਲਿਆ
ਪੁਲਸ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੇ ਬੱਚੇ ਬਾਹਰੋਂ ਡਿੱਗੀਆਂ ਖਾਣ-ਪੀਣ ਦੀਆਂ ਵਸਤੂਆਂ ਚੁੱਕ ਲੈਂਦੇ ਸਨ। ਇਸ ਤੋਂ ਬਾਅਦ ਮਕਾਨ ਮਾਲਕ ਨੇ ਮੁਲਜ਼ਮ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਦੇਖ-ਭਾਲ ਨਹੀਂ ਕਰ ਸਕਦਾ, ਇਸ ਲਈ ਉਹ ਕਮਰਾ ਕਿਤੇ ਹੋਰ ਲੈ ਲਵੇ। ਇਸ ਤੋਂ ਬਾਅਦ ਦੋਵਾਂ ਨੇ ਆਪਣੀਆਂ ਬੇਟੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚੀ।
ਦੱਸ ਦੇਈਏ ਕਿ ਮ੍ਰਿਤਕ ਲੜਕੀਆਂ ਦੀ ਪਛਾਣ ਅੰਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨ ਕੁਮਾਰੀ (4) ਵਜੋਂ ਹੋਈ ਹੈ।