ਗੈਂਗਸਟਰ ਗੋਲਡੀ ਬਰਾੜ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਵਿਚਾਲੇ ਫੋਨ ਉਤੇ ਹੋਈ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਗੋਲਡੀ ਬਰਾੜ ਪੁਲਸ ਨੂੰ ਚੇਤਾਵਨੀ ਦਿੰਦੇ ਸੁਣਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਡੀਐਸਪੀ ਬਿਕਰਮਜੀਤ ਬਰਾੜ ਨੇ ਵੀ ਕਾਨੂੰਨ ਅਨੁਸਾਰ ਗੈਂਗਸਟਰਾਂ ਨਾਲ ਕਿਹੋ ਜਿਹਾ ਵਤੀਰਾ ਵਰਤਣਾ ਹੈ, ਪੁਲਸ ਦਾ ਡੰਡਾ ਤਿਆਰ ਹੈ, ਕਹਿੰਦੇ ਹੋਏ ਸੁਣਿਆ।
ਦੱਸ ਦੇਈਏ ਕਿ ਉਂਝ ਇਹ ਕਾਲ ਰਿਕਾਰਡਿੰਗ ਪੁਰਾਣੀ ਜਾਪ ਰਹੀ ਹੈ ਜਿਸ ਵਿੱਚ ਗੋਲਡੀ ਬਰਾੜ ਨਾਲ ਡੀਐਸਪੀ ਬਰਾੜ ਦੀ ਕਾਫੀ ਬਹਿਸਬਾਜ਼ੀ ਹੋ ਰਹੀ ਹੈ। ਇਸ ਵਿੱਚ ਉਹ (ਗੋਲਡੀ) ਇਸ ਸਾਲ ਅਪਰੈਲ ਮਹੀਨੇ ਵਿੱਚ ਰੂਸ ਵਿੱਚ ਕਤਲ ਕੀਤੇ ਗਏ ਗੈਂਗਸਟਰ ਅਜੈ ਰਾਣਾ ਨੂੰ ਪੁਲਸ ਦਾ ਮੁਖ਼ਬਰ ਦੱਸ ਰਿਹਾ ਹੈ ਤੇ ਹੋਰ ਮੁਖ਼ਬਰਾਂ ਦਾ ਇਹ ਹੀ ਹਾਲ ਕਰਨ ਦਾ ਦਾਅਵਾ ਕਰ ਰਿਹਾ ਹੈ। ਦੂਜੇ ਪਾਸੇ ਡੀਐਸਪੀ ਵੀ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਵਰਤੀ ਜਾ ਰਹੀ ਸਖ਼ਤੀ ਜਾਰੀ ਰੱਖਣ ਦੀ ਚਿਤਾਵਨੀ ਦੇ ਰਹੇ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਡੀਐਸਪੀ ਬਰਾੜ ਮੋਹਰੀ ਰਹੇ ਹਨ ਜਿਨ੍ਹਾਂ ਵੱਲੋਂ ਹੁਣ ਤੱਕ ਕਈ ਖਤਰਨਾਕ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਕਰੀਬ 10 ਮਿੰਟ ਦੀ ਇਸ ਕਾਲ ਰਿਕਾਰਡਿੰਗ ਵਿੱਚ ਗੈਂਗਸਟਰ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਇਸ ਸਾਲ ਰੂਸ ਵਿੱਚ ਭੂਪੀ ਰਾਣਾ ਗਰੋਹ ਦੇ ਮੈਂਬਰ ਤੇ ਗੈਂਗਸਟਰ ਅਜੈ ਰਾਣਾ ਦਾ ਕਤਲ ਉਸ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਉਹ ਪੁਲਸ ਦੀ ਮੁਖ਼ਬਰੀ ਕਰ ਰਿਹਾ ਸੀ।
ਉਹ ਡੀਐਸਪੀ ਬਰਾੜ ਨੂੰ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਮੁਖ਼ਬਰੀ ਕਰਨ ਵਾਲੇ ਹਰੇਕ ਦਾ ਇਹੋ ਜਿਹਾ ਹਾਲ ਹੋਵੇਗਾ। ਦੂਜੇ ਪਾਸੇ ਡੀਐਸਪੀ ਬਰਾੜ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਪੁਲਿਸ ਕਾਨੂੰਨ ਤੋੜਨ ਵਾਲੇ ਕਿਸੇ ਵੀ ਗੈਂਗਸਟਰ ਤੇ ਮਾੜੇ ਅਨਸਰ ਨਾਲ ਕੋਈ ਨਰਮੀ ਨਹੀਂ ਵਰਤੇਗੀ ਤੇ ਇਨ੍ਹਾਂ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇਗੀ। ਡੀਐਸਪੀ ਨੇ ਕਾਲ ਰਿਕਾਰਡਿੰਗ ਵਿੱਚ ਦਾਅਵਾ ਕੀਤਾ ਕਿ ਪੁਲਿਸ ਨੂੰ ਅਜਿਹੇ ਮੁਖ਼ਬਰਾਂ ਦੀ ਲੋੜ ਨਹੀਂ ਸਗੋਂ ਪੁਲਿਸ ਆਪਣੇ ਦਮ ’ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।