ਜੈਪੁਰ ਵਿਚ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਇਕ ਬੇਕਾਬੂ ਥਾਰ ਵੜ ਗਈ। ਇਹ ਮਾਮਲਾ ਜਵਾਹਰ ਨਗਰ ਥਾਣਾ ਖੇਤਰ 'ਚ ਬੀਤੀ ਰਾਤ ਦਾ ਹੈ, ਜਿਥੇ ਸਿੱਖ ਸੰਗਤ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਇੱਕ ਨਾਬਾਲਗ ਨੇ ਤੇਜ਼ ਰਫ਼ਤਾਰ ਥਾਰ ਵਾੜ ਦਿੱਤੀ। ਇਸ ਕਾਰਨ 4 ਲੋਕ ਜ਼ਖਮੀ ਹੋ ਗਏ ਹਨ।
ਘਟਨਾ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਹਰ ਕੋਈ ਜਵਾਹਰ ਨਗਰ ਥਾਣੇ ਦੇ ਬਾਹਰ ਇਕੱਠੇ ਹੋ ਕੇ ਕਾਰਵਾਈ ਦੀ ਮੰਗ ਕਰਨ ਲੱਗਾ। ਦੱਸ ਦੇਈਏ ਕਿ ਬੀਤੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਇਸ ਦੌਰਾਨ ਇਕ ਥਾਰ ਤੇਜ਼ ਰਫਤਾਰ ਦੀ ਟੱਕਰ ਨਾਲ ਇਕ ਔਰਤ ਅਤੇ ਇਕ ਲੜਕੀ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ।
ਨਗਰ ਕੀਰਤਨ 'ਚ ਵੜੀ ਬੇਕਾਬੂ ਥਾਰ
ਪੁਲਸ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ 8 ਵਜੇ ਵਾਪਰਿਆ। ਇਸ ਸਮੇਂ ਨਗਰ ਕੀਰਤਨ ਜਵਾਹਰ ਨਗਰ ਪੁਲ ਤੋਂ ਪੰਚਵਟੀ ਸਰਕਲ ਵੱਲ ਵਧ ਰਿਹਾ ਸੀ। ਅਜਿਹੇ ਵਿੱਚ ਗੋਵਿੰਦ ਮਾਰਗ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਨਗਰ ਕੀਰਤਨ ਵਿੱਚ ਦਾਖ਼ਲ ਹੋ ਗਈ। ਇਸ ਤੋਂ ਪਹਿਲਾਂ ਇਸ ਥਾਰ ਨੇ ਗੋਵਿੰਦ ਮਾਰਗ 'ਤੇ ਵੀ ਕੁਝ ਲੋਕਾਂ ਨੂੰ ਟੱਕਰ ਮਾਰ ਦਿੱਤੀ ਸੀ। ਨਗਰ ਕੀਰਤਨ ਵਿੱਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਵੀ ਥਾਰ ਨੂੰ ਰੋਕਣ ਲਈ ਕਿਹਾ ਪਰ ਕਾਰ ਚਲਾ ਰਹੇ ਨਾਬਾਲਗ ਨੌਜਵਾਨ ਡਰ ਗਏ ਅਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਪੁਲਸ ਮੁਤਾਬਕ ਇਸ ਹਾਦਸੇ ਵਿੱਚ ਇੱਕ ਆਦਮੀ, ਔਰਤ ਅਤੇ ਇੱਕ ਲੜਕੀ ਜ਼ਖਮੀ ਹੋ ਗਏ ਹਨ।
ਥਾਰ ਦੀ ਭਾਰੀ ਭੰਨਤੋੜ ਕੀਤੀ ਗਈ
ਇਸ ਹਾਦਸੇ ਤੋਂ ਬਾਅਦ ਭੀੜ ਨੇ ਥਾਰ ਨੂੰ ਰੋਕ ਕੇ ਨਾਬਾਲਗ ਨੌਜਵਾਨ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਦੀ ਕੁੱਟ-ਮਾਰ ਵੀ ਕੀਤੀ। ਗੱਡੀ ਦੀ ਵੀ ਭਾਰੀ ਭੰਨਤੋੜ ਕੀਤੀ ਗਈ। ਕਾਰ ਵਿੱਚ ਬੈਠੇ ਤਿੰਨ ਵਿਅਕਤੀਆਂ ਵਿੱਚੋਂ ਦੋ ਭੱਜ ਗਏ। ਨਾਬਾਲਗ ਨੌਜਵਾਨ ਨੂੰ ਪੁਲਸ ਨੇ ਫੜ ਲਿਆ। ਐਸਯੂਵੀ ਨੂੰ ਕਰੇਨ ਦੀ ਮਦਦ ਨਾਲ ਥਾਣੇ ਭੇਜ ਦਿੱਤਾ ਗਿਆ ਹੈ।
ਪੁਲਸ ਕਰ ਰਹੀ ਜਾਂਚ
ਜਾਂਚ ਤੋਂ ਬਾਅਦ ਪੁਲਸ ਨੇ ਦੱਸਿਆ ਕਿ ਇਹ SUV ਇੱਕ ਨਿੱਜੀ ਕੰਪਨੀ ਦੇ ਨਾਮ 'ਤੇ ਰਜਿਸਟਰਡ ਹੈ। ਨਾਬਾਲਗ ਡਰਾਈਵਰ ਦਾ ਮੈਡੀਕਲ ਟੈਸਟ ਵੀ ਕੀਤਾ ਗਿਆ ਹੈ। ਉਸ ਦੇ ਬਾਕੀ ਸਾਥੀਆਂ ਦੀ ਵੀ ਭਾਲ ਜਾਰੀ ਹੈ। ਜ਼ਖ਼ਮੀਆਂ ਨੂੰ ਐਸਐਮਐਸ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਥਾਨਕ ਕਾਰੋਬਾਰੀਆਂ ਅਤੇ ਲੋਕਾਂ ਨੇ ਵੀ ਇਸ ਹਾਦਸੇ 'ਤੇ ਰੋਸ ਪ੍ਰਗਟ ਕੀਤਾ ਹੈ। ਰਾਜਸਥਾਨ ਸਿੱਖ ਸਮਾਜ ਦੇ ਪ੍ਰਧਾਨ, ਯੂਥ ਵਿੰਗ ਦੇ ਪ੍ਰਧਾਨ, ਨਗਰ ਗੁਰਦੁਆਰੇ ਦੇ ਪ੍ਰਧਾਨ, ਸਾਬਕਾ ਕੌਂਸਲਰ ਵੀ ਥਾਣੇ ਦੇ ਬਾਹਰ ਜਾ ਕੇ ਪੁਲਸ ਤੋਂ ਮੰਗ ਕਰ ਰਹੇ ਹਨ ਕਿ ਕਾਰ ਵਿੱਚੋਂ ਫਰਾਰ ਹੋਏ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।