ਹਰਿਆਣਾ ਵਿਚ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਸੋਨੀਪਤ 'ਚ ਐਤਵਾਰ 5 ਜਨਵਰੀ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਤੜਕੇ ਲੱਗੇ ਝਟਕੇ
ਜਾਣਕਾਰੀ ਅਨੁਸਾਰ ਸੋਨੀਪਤ 'ਚ ਤੜਕੇ 3.57 ਵਜੇ ਭੂਚਾਲ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.0 ਮਾਪੀ ਗਈ ਹੈ। NCS (ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ) ਮੁਤਾਬਕ ਭੂਚਾਲ ਦੇ ਝਟਕੇ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਹਿੱਲਣ ਕਾਰਨ ਮਹਿਸੂਸ ਕੀਤੇ ਗਏ।
ਪਹਿਲਾਂ ਵੀ ਆ ਚੁੱਕੈ ਭੂਚਾਲ
ਇਸ ਤੋਂ ਪਹਿਲਾਂ 25 ਅਤੇ 26 ਦਸੰਬਰ 2024 ਨੂੰ ਦੋ ਵਾਰ ਭੂਚਾਲ ਆ ਚੁੱਕਾ ਹੈ। 25 ਦਸੰਬਰ ਨੂੰ ਦੁਪਹਿਰ 12.28 ਵਜੇ ਧਰਤੀ 31 ਸਕਿੰਟਾਂ ਲਈ ਹਿੱਲੀ। ਉਸ ਸਮੇਂ ਭੂਚਾਲ ਦਾ ਕੇਂਦਰ ਸੋਨੀਪਤ ਦਾ ਕੁੰਡਲ ਪਿੰਡ ਸੀ ਅਤੇ ਜ਼ਮੀਨ ਹੇਠਾਂ ਪੰਜ ਕਿਲੋਮੀਟਰ ਤੱਕ ਹਿਲਜੁਲ ਹੋਈ ਸੀ। ਇਸ ਤੋਂ ਬਾਅਦ ਰੋਹਤਕ, ਪਾਣੀਪਤ, ਝੱਜਰ ਅਤੇ ਗੁਰੂਗ੍ਰਾਮ 'ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ 26 ਅਕਤੂਬਰ 2024 ਨੂੰ 9.42 'ਤੇ 3 ਸਕਿੰਟ ਦਾ ਭੂਚਾਲ ਆਇਆ, ਜਿਸ ਦਾ ਕੇਂਦਰ ਪਿੰਡ ਪ੍ਰਹਿਲਾਦਪੁਰ ਸੀ। ਇਸ ਵਾਰ ਭੂਚਾਲ ਦਾ ਕੇਂਦਰ ਸੋਨੀਪਤ ਸੀ।
ਕਿਉਂ ਆਉਂਦੇ ਹਨ ਭੂਚਾਲ ?
ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਕਿਸੇ ਖੇਤਰ ਵਿੱਚ ਲਗਾਤਾਰ ਟੈਕਟੋਨਿਕ ਗਤੀਵਿਧੀ ਹੁੰਦੀ ਹੈ, ਜਿਸ ਕਾਰਨ ਭੂਚਾਲ ਆਉਂਦੇ ਰਹਿੰਦੇ ਹਨ। ਸੋਨੀਪਤ ਪ੍ਰਸ਼ਾਸਨ ਨੇ ਭੂਚਾਲ ਬਾਰੇ ਜਾਗਰੂਕਤਾ ਫੈਲਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਤਹਿਤ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਲੋਕਾਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਖੁੱਲੇ ਸਥਾਨਾਂ 'ਤੇ ਪਹੁੰਚਣ ਅਤੇ ਇਮਾਰਤਾਂ ਆਦਿ ਤੋਂ ਦੂਰੀ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ।