ਲੁਧਿਆਣਾ ਦੇ ਪਿੰਡ ਬੁਲਾਰਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁਆਂਢੀਆਂ ਨੇ ਇਕ ਦੂਜੇ ਦੇ ਘਰ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਦੋਵਾਂ ਧਿਰਾਂ ਵੱਲੋਂ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ। ਇਸ ਲੜਾਈ 'ਚ 5 ਲੋਕ ਜ਼ਖਮੀ ਹੋ ਗਏ ਹਨ। ਇਹ ਸਾਰੀ ਘਟਨਾ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਬਹਿਸਬਾਜ਼ੀ ਤੋਂ ਬਾਅਦ ਭਿੜੇ ਗੁਆਂਡੀ
ਘਟਨਾ ਸਬੰਧੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਮ ਲਈ ਘਰੋਂ ਨਿਕਲਿਆ ਸੀ ਪਰ ਪੁਰਾਣੀ ਰੰਜਿਸ਼ ਕਾਰਨ ਉਸ ਦੀ ਆਪਣੇ ਗੁਆਂਢ ਵਿਚ ਰਹਿੰਦੇ ਦੋ ਨੌਜਵਾਨਾਂ ਨਾਲ ਤਕਰਾਰ ਹੋ ਗਈ। ਹੌਲੀ-ਹੌਲੀ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਆਪਸ 'ਚ ਲੜਾਈ ਹੋ ਗਈ। ਇਸ ਤੋਂ ਤੁਰੰਤ ਬਾਅਦ ਗੁਆਂਢੀਆਂ ਨੇ ਵੱਡੀ ਗਿਣਤੀ ਵਿਚ ਗੱਡੀਆਂ ਵਿਚ ਸਵਾਰ ਕੁਝ ਨੌਜਵਾਨਾਂ ਨੂੰ ਬੁਲਾਇਆ। ਉਨ੍ਹਾਂ ਨੇ ਘਰ 'ਤੇ ਹਮਲਾ ਕਰ ਦਿੱਤਾ। ਘਰ ਦੇ ਬਾਹਰ ਇੱਟਾਂ ਅਤੇ ਪੱਥਰ ਵੀ ਸੁੱਟੇ ਗਏ।
ਪਿੰਡ ਵਿੱਚ ਡਰ ਦਾ ਮਾਹੌਲ
ਮਹਿੰਦਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਦੀ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ। ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਇਸ ਕੇਸ ਵਿੱਚ ਫਸਾਇਆ ਸੀ। ਇਸੇ ਰੰਜਿਸ਼ ਕਾਰਨ ਉਸ ਦੇ ਗੁਆਂਢੀ ਹਰ ਰੋਜ਼ ਉਸ ਨਾਲ ਕੁੱਟ-ਮਾਰ ਕਰਦੇ ਰਹਿੰਦੇ ਸਨ। ਫਿਲਹਾਲ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਹੈ।