ਹੁਸ਼ਿਆਰਪੁਰ ਵਿਚ ਪ੍ਰਿੰਸੀਪਲ ਵਲੋਂ ਇਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਜਿਸ ਮਾਮਲੇ 'ਚ ਪ੍ਰਿੰਸੀਪਲ ਨੇ ਬੱਚਿਆ ਦੇ ਮਾਪਿਆਂ ਤੋਂ ਲਿਖਿਤ 'ਚ ਮਾਫ਼ੀ ਮੰਗ ਲਈ ਹੈ | ਦੱਸ ਦੇਈਏ ਕਿ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ ਇੱਕ ਵਿਦਿਆਰਥੀ ਦੇ ਵਾਲ ਖਿੱਚ ਕੇ ਉਸ ਦੀ ਕੁੱਟ-ਮਾਰ ਕੀਤੀ ਸੀ।
ਇਸ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਸ ਸਬੰਧੀ ਐਕਸ ਉਤੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਟੀਚਰ ਨੇ ਬੱਚੇ ਦੇ ਮਾਤਾ-ਪਿਤਾ ਤੋਂ ਪੰਚਾਇਤ 'ਚ ਮਾਫ਼ੀ ਮੰਗੀ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਸਮਝੌਤਾ ਹੋ ਗਿਆ ਹੈ |
ਟੀਚਰ ਨੇ ਲਿਖਿਆ- ਮੈਂ ਪੜ੍ਹਾਉਂਦੇ ਸਮੇਂ ਅਮਨਦੀਪ ਸਿੰਘ ਨਾਂ ਦੇ ਵਿਦਿਆਰਥੀ ਨੂੰ ਗਲਤ ਤਰੀਕੇ ਨਾਲ ਕੁੱਟਿਆ ਸੀ। ਮੈਂ ਇਸ ਲਈ ਮੁਆਫੀ ਮੰਗਦੀ ਹਾਂ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਕਰਾਂਗੀ । ਇਹ ਸਮਝੌਤਾ ਵਿਦਿਆਰਥੀ, ਉਸ ਦੇ ਦਾਦਾ ਸੰਤੋਖ ਸਿੰਘ ਅਤੇ ਬੱਦੋ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਹੋਇਆ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇਹ ਘਟਨਾ ਹੁਸ਼ਿਆਰਪੁਰ ਦੇ ਬੱਦੋ ਪਿੰਡ ਦੇ ਇੱਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ, ਜਿੱਥੇ ਸਕੂਲ ਦੇ ਪ੍ਰਿੰਸੀਪਲ ਨੇ ਨਾ ਸਿਰਫ਼ ਇੱਕ ਵਿਦਿਆਰਥੀ ਦੀ ਕੁੱਟ-ਮਾਰ ਕੀਤੀ ਸਗੋਂ ਇੱਕ ਸਿੱਖ ਵਿਦਿਆਰਥੀ ਦੇ ਵਾਲ ਵੀ ਪੁੱਟੇ ਤੇ ਕੇਸਾਂ ਦੀ ਬੇਅਦਬੀ ਕੀਤੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਨੇ ਇਸ ਨੂੰ ਸਿੱਖੀ ਦੇ ਪ੍ਰਤੀਕਾਂ ਦਾ ਅਪਮਾਨ ਦੱਸਿਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਖ਼ਿਲਾਫ਼ ਅਪਰਾਧਿਕ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।