ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਵਲੋਂ ਸਜ਼ਾ ਉਤੇ ਰੋਕ ਲਗਾ ਕੇ ਵੱਡੀ ਰਾਹਤ ਦਿੱਤੀ ਹੈ। ਦੱਸ ਦੇਈਏ ਕਿ ਸੁਨਾਮ ਦੀ ਅਦਾਲਤ ਨੇ ਅਰੋੜਾ ਦੇ ਜੀਜਾ ਰਾਜਿੰਦਰ ਦੀਪਾ ਦੀ ਸ਼ਿਕਾਇਤ ’ਤੇ ਸੁਣਵਾਈ ਮੁਕੰਮਲ ਕਰਦਿਆਂ ਅਰੋੜਾ ਸਮੇਤ 9 ਜਣਿਆਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਸਜ਼ਾ ਖ਼ਿਲਾਫ਼ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਕੀਤੀ ਅਪੀਲ ਉਤੇ ਅੱਜ ਸੁਣਵਾਈ ਹੋਈ, ਜਿਸ ਦੌਰਾਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਜੱਜ ਰਾਜਿੰਦਰ ਸਿੰਘ ਰਾਏ ਦੀ ਅਦਾਲਤ ਨੇ ਸੁਨਾਮ ਦੀ ਅਦਾਲਤ ਵਲੋਂ ਲਗਾਏ ਦੋਸ਼ਾਂ ਉਤੇ 31 ਜਨਵਰੀ ਤੱਕ ਰੋਕ ਲਗਾ ਦਿੱਤੀ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ 15 ਸਾਲ ਪਹਿਲਾਂ ਇਕ ਘਰੇਲੂ ਕਲੇਸ਼ ਦੇ ਮਾਮਲੇ ਵਿਚ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ, ਉਸ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ 9 ਵਿਅਕਤੀਆਂ ਨੂੰ ਘਰ ਵਿੱਚ ਦਾਖਲ ਹੋ ਕੇ ਰਜਿੰਦਰ ਦੀਪਾ ਦੀ ਕੁੱਟ-ਮਾਰ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਸੀ।