ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਸਤੀਫਾ ਵਾਪਸ ਲੈਣ ਸਬੰਧੀ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਮਿਲਣ ਅੱਜ ਚੰਡੀਗੜ੍ਹ ਪਹੁੰਚੇ ਪਰ ਕੁਲਤਾਰ ਸੰਧਵਾ ਹਾਜ਼ਰ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣਾ ਪੱਤਰ ਸਪੀਕਰ ਦੇ ਸਕੱਤਰ ਨੂੰ ਸੌਂਪ ਦਿੱਤਾ,ਹੁਣ ਉਨ੍ਹਾਂ ਨੂੰ 11 ਜੂਨ ਨੂੰ ਸਵੇਰੇ 11 ਵਜੇ ਬੁਲਾਇਆ ਗਿਆ ਹੈ।
ਇਸ ਕਾਰਨ ਅਸਤੀਫਾ ਲਿਆ ਵਾਪਸ
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਜਾਣ। ਹਿਮਾਚਲ 'ਚ ਅਸਤੀਫੇ ਤੋਂ ਬਾਅਦ ਦੋਵੇਂ ਚੋਣਾਵ ਨਾਲੋ-ਨਾਲ ਹੋਏ ਸਨ ਪਰ ਇੱਥੇ ਅਜਿਹਾ ਨਹੀਂ ਹੋਇਆ ਪਰ ਮੈਂ ਲੋਕਤੰਤਰ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।
ਜਲੰਧਰ ਦੇ ਲੋਕਾਂ ਨੇ ਚੁਣਿਆ ਹੈ ਵਿਧਾਇਕ
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਹੈ। ਲੋਕਾਂ ਨੇ ਕਿਹਾ ਕਿ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਸਗੋਂ ਤੁਹਾਨੂੰ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਇਸੇ ਲਈ ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ।
ਸਰਕਾਰ ਨੇ ਅਸਤੀਫਾ ਕਰ ਲਿਆ ਹੈ ਮਨਜੂਰ
ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਪਿਛਲੀ ਤਰੀਕ 'ਤੇ ਅੰਗੁਰਾਲ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਹੁਣ ਇਸ 'ਤੇ ਅੰਗੁਰਾਲ ਨੇ ਕਿਹਾ ਕਿ ਜੇਕਰ ਮੇਰੇ ਨਾਲ ਧੱਕਾ ਹੋਇਆ ਤਾਂ ਮੈਂ ਹਾਈ ਕੋਰਟ ਜਾਵਾਂਗਾ।
ਅੰਗੁਰਾਲ ਨੇ 'ਆਪ' ਅਤੇ ਜਨਤਾ ਨਾਲ ਕੀਤਾ ਧੋਖਾ - ਪਵਨ ਟੀਨੂੰ
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਨੇ ਕਿਹਾ ਕਿ ਜਨਤਾ ਨੇ ਸ਼ੀਤਲ ਅੰਗੁਰਾਲ ਨੂੰ ਆਮ ਆਦਮੀ ਪਾਰਟੀ ਤੋਂ ਚੁਣਿਆ ਸੀ ਅਤੇ 'ਆਪ' ਨੂੰ ਫਤਵਾ ਦਿੱਤਾ ਸੀ ਪਰ ਉਸ ਨੇ ਪਾਰਟੀ ਅਤੇ ਜਨਤਾ ਦੋਵਾਂ ਨਾਲ ਧੋਖਾ ਕੀਤਾ ਪਰ ਹੁਣ ਸ਼ੀਤਲ ਅੰਗੁਰਾਲ ਯੋਜਨਾ ਬਣਾ ਰਹੇ ਹਨ ਕਿ ਉਹ ਦੂਜੀ ਪਾਰਟੀ 'ਚ ਵੀ ਰਹਿਣ ਤੇ ਉਨਾਂ ਦੀ ਵਿਧਾਇਕੀ ਵੀ ਨਾ ਜਾਵੇ |