ਸਿੱਧੂ ਮੂਸੇਵਾਲਾ ਦੇ ਪਿਤਾ ਨੇ ਨਵਜੰਮੇ ਬੱਚੇ ਦੇ ਜਨਮ ਦੇ ਸਾਰੇ ਦਸਤਾਵੇਜ਼ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੋਰ ਜਾਣਕਾਰੀ ਚਾਹੁੰਦੀ ਹੈ ਤਾਂ ਉਹ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਕੇਂਦਰ ਸਰਕਾਰ ਨੇ ਨਵਜੰਮੇ ਬੱਚੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਬੱਚੇ ਦੇ ਪਰਿਵਾਰ ਤੋਂ ਜਾਣਕਾਰੀ ਮੰਗੀ ਸੀ।
ਬਲਕੌਰ ਨੇ IVF ਤਕਨੀਕ ਦੀ ਵਰਤੋਂ ਕਰਨ ਦੀ ਗੱਲ ਮੰਨੀ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ IVF ਨੂੰ ਵਿਦੇਸ਼ 'ਚ ਇਸਤਮਾਲ ਕੀਤਾ ਗਿਆ। ਬੱਚੇ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਸੀ। IVF ਰਾਹੀਂ ਗਰਭਵਤੀ ਹੋਣ ਉਪਰੰਤ ਸਰਕਾਰੀ ਹਸਪਤਾਲ ਤੋਂ ਲੋੜੀਂਦਾ ਇਲਾਜ ਵੀ ਕਰਵਾਇਆ ਗਿਆ। ਮੂਸੇਵਾਲਾ ਦੀ ਮਾਂ ਨੇ 17 ਮਾਰਚ ਨੂੰ ਬਠਿੰਡਾ ਵਿੱਚ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ।
ਹੁਣ ਜਾਣੋ ਕੀ ਹੈ ਪੂਰਾ ਵਿਵਾਦ
ਦਰਅਸਲ, ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ IVF ਤਕਨੀਕ ਦੀ ਮਦਦ ਨਾਲ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਨਾਂ ਸ਼ੁਭਦੀਪ ਰੱਖਣਗੇ। ਇਹ ਮੂਸੇਵਾਲਾ ਦਾ ਅਸਲੀ ਨਾਮ ਸੀ। ਇਸ ਬੱਚੇ ਦਾ ਜਨਮ IVF ਤਕਨੀਕ ਰਾਹੀਂ ਹੋਇਆ ਹੈ। ਜਿਸ ਸਬੰਧੀ ਕੇਂਦਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।
ਕੇਂਦਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ
ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕਾਨੂੰਨ ਅਨੁਸਾਰ ਬੱਚਾ ਪੈਦਾ ਕਰਨ ਲਈ ਔਰਤਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਉਮਰ ਕਰੀਬ 58 ਸਾਲ ਅਤੇ ਪਿਤਾ ਬਲਕੌਰ ਦੀ ਉਮਰ 60 ਸਾਲ ਹੈ। ਕਿਉਂਕਿ ਭਾਰਤੀ ਕਾਨੂੰਨ ਅਨੁਸਾਰ ਔਰਤਾਂ 50 ਸਾਲ ਦੀ ਉਮਰ ਤੱਕ ਅਤੇ ਪੁਰਸ਼ 55 ਸਾਲ ਦੀ ਉਮਰ ਤੱਕ IVF ਤਕਨੀਕ ਦੀ ਮਦਦ ਨਾਲ ਬੱਚੇ ਨੂੰ ਜਨਮ ਦੇ ਸਕਦੇ ਹਨ। ਇਸ ਕਾਨੂੰਨ ਦੀ ਉਲੰਘਣਾ 'ਤੇ ਕੇਂਦਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।