ਪੰਜਾਬ ਵਿੱਚ ਸਿੱਖ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਵੱਧ ਰਹੇ ਹਾਦਸਿਆਂ ਦੇ ਮੱਦੇਨਜ਼ਰ ਹਾਈਕੋਰਟ ਨੇ ਇਹ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਇਹ ਹੁਕਮ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਚੰਡੀਗੜ੍ਹ 'ਚ ਵੀ ਲਾਗੂ ਹੋਣਗੇ । ਜਾਣਕਾਰੀ ਅਨੁਸਾਰ ਛੇ ਸਾਲ ਪਹਿਲਾਂ ਵੀ ਚੰਡੀਗੜ੍ਹ 'ਚ ਸਿੱਖ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਕੇਂਦਰ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ।
ਮੋਟਰ ਵਹੀਕਲ ਐਕਟ 'ਚ 15 ਫਰਵਰੀ, 2022 ਤੋਂ ਪ੍ਰਭਾਵੀ ਸੋਧ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਵਿਅਕਤੀ, ਜਿਸ ਨੇ ਦਸਤਾਰ ਪਹਿਨੀ ਹੋਵੇ, ਨੂੰ ਛੱਡ ਕੇ ਜਨਤਕ ਥਾਂ 'ਤੇ ਮੋਟਰਸਾਈਕਲ ਚਲਾਉਣ ਵਾਲੇ ਕੋਈ ਵੀ ਵਿਅਕਤੀ (ਮਰਦ ਜਾਂ ਔਰਤ) ਨੂੰ ਕੇਂਦਰ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਹੈਲਮੇਟ ਪਹਿਨਣ ਤੋਂ ਕੋਈ ਛੋਟ ਨਹੀਂ ਹੈ।
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਡਿਵੀਜ਼ਨ ਬੈਂਚ ਨੇ ਇਹ ਹੁਕਮ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੇ, ਜਿਸ 'ਚ ਹਾਈ ਕੋਰਟ ਨੇ ਸੜਕ ਹਾਦਸਿਆਂ ਵਿੱਚ ਔਰਤਾਂ ਦੀਆਂ ਵੱਧ ਰਹੀਆਂ ਮੌਤਾਂ ਦਾ ਨੋਟਿਸ ਲਿਆ ਸੀ।
2017 ਵਿੱਚ ਦੋ ਸਿੱਖ ਕੁੜੀਆਂ ਦੀ ਹੋਈ ਸੀ ਮੌਤ
ਹਾਈ ਕੋਰਟ ਨੇ 2017 ਦੀ ਉਸ ਘਟਨਾ ਦਾ ਨੋਟਿਸ ਲਿਆ ਸੀ, ਜਿਸ ਵਿੱਚ ਸੈਕਟਰ-22 ਦੇ ਇੱਕ ਹੋਟਲ ਨੇੜੇ ਸੜਕ ਹਾਦਸੇ 'ਚ ਦੋ ਸਿੱਖ ਕੁੜੀਆਂ, ਜਿਨ੍ਹਾਂ ਨੇ ਹੈਲਮੇਟ ਨਹੀਂ ਪਹਿਨੇ ਹੋਏ ਸਨ, ਦੀ ਮੌਤ ਹੋ ਗਈ ਸੀ।
ਉਸ ਸਮੇਂ, ਮੋਟਰ ਵਹੀਕਲ ਐਕਟ, 1988 ਨੇ ਦੋਪਹੀਆ ਵਾਹਨ ਚਲਾਉਣ ਵਾਲੇ ਸਾਰੇ ਲੋਕਾਂ ਲਈ ਹੈਲਮੇਟ ਲਾਜ਼ਮੀ ਕਰ ਦਿੱਤਾ ਸੀ, ਪਰ ਰਾਜ ਸਰਕਾਰਾਂ ਨੂੰ ਕੁਝ ਸ਼੍ਰੇਣੀਆਂ ਵਿੱਚ ਛੋਟ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਸਾਰੀਆਂ ਔਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਸੀ ਪਰ ਪੰਜਾਬ ਅਤੇ ਹਰਿਆਣਾ ਵਿੱਚ ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟ ਦਿੱਤੀ ਗਈ ਸੀ।