ਖ਼ਬਰਿਸਤਾਨ ਨੈੱਟਵਰਕ- ਫਗਵਾੜਾ ਵਿੱਚ ਸੁਡਾਨ ਦੇ ਇੱਕ ਵਿਦਿਆਰਥੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਪਿੰਡ ਮਹੇੜੂ ਵਿੱਚ ਸਥਿਤ ਇਕ ਪੀਜੀ ਵਿੱਚ ਵਾਪਰੀ। ਅੱਜ ਸਵੇਰੇ 4 ਵਜੇ ਦੇ ਕਰੀਬ, 6-7 ਨੌਜਵਾਨ ਪੀਜੀ ਵਿੱਚ ਦਾਖਲ ਹੋਏ ਅਤੇ ਦੋ ਸੁਡਾਨੀ ਵਿਦਿਆਰਥੀਆਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਇਕ ਵਿਦਿਆਰਥੀ ਦੀ ਹੋਈ ਮੌਤ
ਇਸ ਦੌਰਾਨ ਮੁਹੰਮਦ ਬਰਵਾਲਾ ਯੂਸਫ਼ ਅਹਿਮਦ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਦਿਆਰਥੀ ਅਹਿਮਦ ਮੁਹੰਮਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਦਿਆਰਥੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
6 ਉਤੇ FIR
ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਐਸਐਸਪੀ ਗੌਰਵ ਜਲਦੀ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦੇਣਗੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ 6 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਮੁਹੰਮਦ ਯੂਸਫ਼ ਨੂੰ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਅਬਦੁਲ ਅਹਿਦ (ਕਰਨਾਟਕਾ), ਕੁੰਵਰ ਅਮਰ ਪ੍ਰਤਾਪ ਸਿੰਘ, ਆਦਿਤਿਆ ਗਰਗ, ਮੁਹੰਮਦ ਸ਼ੋਇਬ, ਸ਼ਸਾਂਕ ਸ਼ੈਗੀ ਅਤੇ ਯਸ਼ ਵਰਧਮ ਰਾਜਪੂਤ (ਪੰਜ ਵਾਸੀ ਮਹਿਰੂ ਕਾਲੋਨੀ) ਵੱਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੂਰ ਅਹਿਮਦ ਹਸਨ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।