ਖ਼ਬਰਿਸਤਾਨ ਨੈੱਟਵਰਕ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ| ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਚੌਥੀ ਵਾਰ ਪਾਰਟੀ ਦੇ ਪ੍ਰਧਾਨ ਚੁਣਿਆ ਗਿਆ| ਇਹ ਫੈਸਲਾ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੂੰਦਰੀ ਹਾਲ ਵਿਖੇ ਹੋਏ ਅਕਾਲੀ ਦਲ ਜਰਨਲ ਡੈਲੀਗੇਟ ਸ਼ੈਸਨ ਵਿੱਚ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਬਾਦਲ ਦੇ ਨਾਂਅ ਦਾ ਮਤਾ ਰੱਖਿਆ ਸੀ, ਪਰਮਜੀਤ ਸਰਨਾ ਨੇ ਇਸ ਮਤੇ ਦਾ ਸਮਰਥਨ ਕੀਤਾ। ਇਸ ਚੋਣ ਲਈ ਕਿਸੇ ਨੇ ਵੀ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਨਹੀਂ ਰੱਖਿਆ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਗਏ ਅਕਾਲੀ ਆਗੂ ਅਤੇ ਰਿਟਰਨਿੰਗ ਅਫ਼ਸਰ ਗੁਲਜ਼ਾਰ ਸਿੰਘ ਰਣੀਕੇ ਨੇ ਮੀਟਿੰਗ ਦੌਰਾਨ ਉਨ੍ਹਾਂ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ।
ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਵਿਸਾਖੀ ਦੇ ਮੌਕੇ 'ਤੇ 13 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਇੱਕ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ। ਦੱਸ ਦੇਈਏ ਕਿ ਬੀਤੇ ਸਾਲ ਸੁਖਬੀਰ ਬਾਦਲ ਨੇ 16 ਨਵੰਬਰ ਨੂੰ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ| 2008 'ਚ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ | ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਦੀ ਭਰਤੀ ਹਰ 3 ਸਾਲ ਬਾਅਦ ਹੁੰਦੀ ਹੈ | ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ 10 ਜਨਵਰੀ 2025 ਅਸਤੀਫਾ ਮਨਜ਼ੂਰ ਕੀਤਾ ਗਿਆ|