ਪੰਜਾਬ ’ਚ ਅਗਲੇ 72 ਘੰਟਿਆਂ ’ਚ ਮੌਸਮ ’ਚ ਬਦਲਾਅ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਦਸਿਆ ਜਾ ਰਿਹਾ ਕਿ ਇਕ ਹੋਰ ਪੱਛਮੀ ਗੜਬੜੀ 10 ਮਾਰਚ ਨੂੰ ਪੱਛਮੀ ਹਿਮਾਲੀਅਨ ਖ਼ੇਤਰ ਨਾਲ ਟਕਰਾਉਣ ਜਾ ਰਹੀ ਹੈ, ਜਿਸ ਕਾਰਨ ਸੂਬੇ ’ਚ ਮੌਸਮ 11 ਮਾਰਚ ਤਕ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। 12 ਮਾਰਚ ਤੋਂ ਬਾਅਦ ਮੌਸਮ ਬਦਲੇਗਾ ਤੇ ਪੰਜਾਬ ਦੇ ਕੁੱਝ ਇਲਾਕਿਆਂ ’ਚ ਬਾਰਿਸ਼ ਹੋਣ ਦਾ ਅਨੁਮਾਨ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਆਉਣ ਵਾਲੇ ਦਿਨਾਂ ‘ਚ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ-ਨਾਲ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ‘ਚ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਮੁਤਾਬਕ 11 ਤੋਂ 13 ਮਾਰਚ ਤੱਕ ਪੱਛਮੀ ਹਿਮਾਲੀਅਨ ਖੇਤਰਾਂ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ 12 ਅਤੇ 13 ਮਾਰਚ ਨੂੰ ਮੈਦਾਨੀ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਖ਼ਰਾਬ ਮੌਸਮ ਕਾਰਨ ਵੱਧ ਸਕਦੀਆਂ ਕਿਸਾਨਾਂ ਦੀਆ ਮੁਸ਼ਕਿਲਾਂ
ਉਥੇ ਹੀ ਵੀਰਵਾਰ ਨੂੰ ਪੰਜਾਬ ਦੇ ਕੁੱਝ ਹਿੱਸਿਆਂ ’ਚ ਬੱਦਲ ਛਾਏ ਰਹੇ ਜਦਕਿ ਫਿਰ ਧੁੱਪ ਨਿਕਲ ਆਈ। ਜ਼ਿਲ੍ਹਾ ਪਟਿਆਲਾ ’ਚ ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣੇ ’ਚ ਦਿਨ ਦਾ ਤਾਪਮਾਨ 23 ਡਿਗਰੀ, ਪਠਾਨਕੋਟ ’ਚ 25.6 ਡਿਗਰੀ ਤੇ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਉੱਤਰੀ ਭਾਰਤ ਦੇ ਸੂਬਿਆਂ ’ਚ ਤੇਜ਼ ਤੂਫ਼ਾਨ ਤੇ ਮੀਂਹ ਦੇ ਨਾਲ ਭਾਰੀ ਬਰਫ਼ਬਾਰੀ ਹੋਵੇਗੀ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਿਕਲਾਂ ਵੱਧ ਸਕਦੀਆਂ ਹਨ ਅਤੇ ਲੋਕਾਂ ਨੂੰ ਮੁੜ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
12 ਮਾਰਚ ਤੋਂ ਬਾਅਦ ਬਦਲੇਗਾ ਮੌਸਮ ਦਾ ਰੁਖ਼
ਜ਼ਿਲ੍ਹਾ ਲੁਧਿਆਣਾ ’ਚ ਵੀਰਵਾਰ ਸਵੇਰੇ ਹਲਕੇ ਬੱਦਲ ਛਾਏ ਰਹੇ ਤੇ ਕੁੱਝ ਸਮੇਂ ਲਈ ਹਲਕੀ ਬੂੰਦਾਬਾਂਦੀ ਵੀ ਹੋਈ ਜਦਕਿ ਬਾਅਦ ਦੁਪਹਿਰ ਧੁੱਪ ਨਿਕਲ ਆਈ। ਧੁੱਪ ਨਾਲ ਤੇਜ਼ ਹਵਾ ਚੱਲਣ ਦਾ ਸਿਲਸਿਲਾ ਜਾਰੀ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪੀ.ਕੇ. ਕਿੰਗਰਾ ਨੇ ਕਿਹਾ ਕਿ 11 ਮਾਰਚ ਤਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 12 ਮਾਰਚ ਤੋਂ ਬਾਅਦ ਮੌਸਮ ਮੁੜ ਰੁਖ਼ ਬਦਲੇਗਾ ਤੇ ਪੰਜਾਬ ’ਚ ਕਈ ਥਾਈਂ ਬਾਰਿਸ਼ ਹੋ ਸਕਦੀ ਹੈ।