ਜਲੰਧਰ ਦੇ ਇੱਕ ਨੌਜਵਾਨ ਦੀ ਗ੍ਰੀਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ। ਮ੍ਰਿਤਕ ਦੀ ਪਛਾਣ 42 ਸਾਲਾ ਧਰਮਿੰਦਰ ਸਿੰਘ ਲੱਕੀ ਵਜੋਂ ਹੋਈ ਹੈ। ਧਰਮਿੰਦਰ ਸਿੰਘ ਲੱਕੀ ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਦਾ ਰਹਿਣ ਵਾਲਾ ਸੀ। ਲੱਕੀ ਦੀ ਲਾਸ਼ ਸਮੁੰਦਰ ਕਿਨਾਰੇ ਮਿਲੀ।
ਮ੍ਰਿਤਕ 5 ਸਾਲ ਪਹਿਲਾਂ ਗ੍ਰੀਸ ਗਿਆ ਸੀ
ਲੱਕੀ ਦੀ ਮੌਤ ਦੀ ਪੁਸ਼ਟੀ ਉਸ ਦੇ ਵੱਡੇ ਭਰਾ ਸਰਬਜੀਤ ਸਿੰਘ ਨੇ ਕੀਤੀ। ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ। ਨੇੜਲੇ ਪਿੰਡ ਦੇ ਇੱਕ ਨੌਜਵਾਨ ਨੇ ਲੱਕੀ ਦੀ ਮੌਤ ਦੀ ਸੂਚਨਾ ਦਿੱਤੀ ਅਤੇ ਲੱਕੀ ਦੀ ਫੋਟੋ ਵਟਸਐਪ 'ਤੇ ਭੇਜੀ। ਨਾਲ ਹੀ ਉਕਤ ਨੌਜਵਾਨ ਨੇ ਫੋਨ ਕਰਕੇ ਦੱਸਿਆ ਕਿ ਇਹ ਫੋਟੋ ਉਸ ਨੂੰ ਗ੍ਰੀਸ ਰਹਿੰਦੇ ਰਿਸ਼ਤੇਦਾਰ ਨੇ ਭੇਜੀ ਸੀ।
ਸਮੁੰਦਰ ਕਿਨਾਰੇ ਮਿਲੀ ਲਾਸ਼
ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਾਫੀ ਮਿਹਨਤ ਤੋਂ ਬਾਅਦ ਗ੍ਰੀਸ ਵਿੱਚ ਆਪਣੇ ਭਰਾ ਨਾਲ ਰਹਿ ਰਹੇ ਹੋਰ ਪੰਜਾਬੀ ਨੌਜਵਾਨਾਂ ਦੇ ਨੰਬਰ ਲੱਭ ਕੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ। ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਧਰਮਿੰਦਰ ਸਿੰਘ ਦੀ ਲਾਸ਼ ਸਮੁੰਦਰ ਕੰਢੇ ਮਿਲੀ ਸੀ ਅਤੇ ਹੁਣ ਲਾਸ਼ ਹਸਪਤਾਲ ਵਿੱਚ ਹੈ। ਲੱਕੀ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਭਰਾ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ
ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਲੱਕੀ 3 ਦਿਨ ਪਹਿਲਾਂ ਆਪਣੀ ਪੁਰਾਣੀ ਨੌਕਰੀ ਛੱਡ ਕੇ ਕਿਧਰੇ ਚਲਾ ਗਿਆ ਸੀ। ਉਥੇ ਹੀ ਲਾਸ਼ ਦੇ ਨੇੜੇ ਕੋਈ ਸਾਮਾਨ ਨਹੀਂ ਮਿਲਿਆ। ਸਰਬਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।