ਜੁੱਗੋ-ਜੁੱਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਿਲ ਨੂੰ ਟੂੰਬਣ ਵਾਲੀ ਸਜਾਵਟ
ਦੱਸ ਦੇਈਏ ਕਿ ਇਸ ਸਬੰਧ ਵਿਚ ਵੱਖ-ਵੱਖ ਸਮਾਗਮ ਸ਼ੁਰੂ ਹੋ ਚੁੱਕੇ ਹਨ। ਪ੍ਰਕਾਸ਼ ਪੁਰਬ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ 100 ਤੋਂ ਵੱਧ ਮਾਹਿਰਾਂ ਵੱਲੋਂ ਸੈਂਕੜੇ ਟਨ ਫੁੱਲਾਂ ਨਾਲ ਸਜਾਇਆ ਗਿਆ ਹੈ, ਜਦਕਿ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਲਈ ਦੇਸੀ ਘਿਓ ਦੇ ਲੱਡੂ ਤਿਆਰ ਕੀਤੇ ਗਏ ਹਨ।
40 ਟਨ ਫੁੱਲ ਵਿਦੇਸ਼ਾਂ ਤੋਂ ਮੰਗਵਾਏ
ਸਜਾਵਟ ਲਈ ਵਿਦੇਸ਼ੀ ਫੁੱਲ ਬੈਂਕਾਕ, ਇੰਡੋਨੇਸ਼ੀਆ, ਹਾਲੈਂਡ ਅਤੇ ਨਿਊਜ਼ੀਲੈਂਡ ਸਮੇਤ ਵੱਖ-ਵੱਖ ਦੇਸ਼ਾਂ ਤੋਂ 80 ਤੋਂ ਵੱਧ ਕਿਸਮਾਂ ਦੇ 40 ਟਨ ਫੁੱਲ ਮੰਗਵਾਏ ਗਏ ਹਨ।
ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਫੁੱਲਾਂ ਨਾਲ ਸਜਾਏ ਜਾ ਰਹੇ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਅਤੇ ਇਸ ਸਜਾਵਟ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰਿਆਂ ਵਿਚ ਕੈਦ ਕਰਦੇ ਨਜ਼ਰ ਆ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਨੂੰ ਹੋਇਆ
ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਆਪਣਾ ਜੀਵਨ ਸਿੱਖ ਧਰਮ ਦੀ ਸੇਵਾ ਨੂੰ ਸਮਰਪਿਤ ਕਰਨ ਵਾਲੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸਨ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਜਾਰੀ ਕੀਤਾ ਕਿ ਸਾਰੇ ਸਿੱਖ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਗੇ। ਪਹਿਲੇ ਪ੍ਰਕਾਸ਼ 'ਤੇ ਸੰਗਤਾਂ ਨੇ ਕੀਰਤਨ ਦੀਵਾਨ ਸਜਾਏ ਅਤੇ ਬਾਬਾ ਬੁੱਢਾ ਜੀ ਨੇ ਬਾਣੀ ਦਾ ਪਾਠ ਆਰੰਭ ਕੀਤਾ।