ਜਲੰਧਰ ਦੇ ਨਾਗਰਾ ਫਾਟਕ 'ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਨਾਗਰਾ ਫਾਟਕ 'ਤੇ ਤਾਇਨਾਤ ਗੇਟਮੈਨ ਨੇ ਫਾਟਕ ਬੰਦ ਨਹੀਂ ਕੀਤਾ ਸੀ ਅਤੇ ਇਸੇ ਦੌਰਾਨ ਟਰੇਨ ਆ ਗਈ। ਖੁਸ਼ਕਿਸਮਤੀ ਨਾਲ ਇਸੇ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਰੇਲਗੱਡੀ ਆਉਂਦੀ ਵੇਖ ਲਈ ਅਤੇ ਆਵਾਜ਼ ਮਾਰ ਕੇ ਉੱਥੋਂ ਲੰਘ ਰਹੇ ਸਬਜ਼ੀ ਵਿਕਰੇਤਾਵਾਂ ਨੂੰ ਟਰੇਨ ਦੀ ਲਪੇਟ ਵਿਚ ਆਉਣ ਤੋਂ ਬਚਾਅ ਲਿਆ।
ਘਟਨਾ ਸਵੇਰੇ 5 ਵਜੇ ਦੀ
ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 5 ਵਜੇ ਗੇਟਮੈਨ ਸੌਂ ਰਿਹਾ ਸੀ ਅਤੇ ਉਤੋਂ ਟਰੇਨ ਆ ਗਈ। ਰੇਲਗੱਡੀ ਨੂੰ ਆਉਂਦੀ ਦੇਖ ਕੇ ਵਿਅਕਤੀ ਨੇ ਰੌਲਾ ਪਾਇਆ ਅਤੇ ਸਾਈਕਲਾਂ 'ਤੇ ਰੇਲਵੇ ਪਟੜੀ ਪਾਰ ਕਰ ਰਹੇ ਸਬਜ਼ੀ ਵਿਕਰੇਤਾਵਾਂ ਨੂੰ ਜਲਦੀ ਦੂਰ ਜਾਣ ਲਈ ਕਿਹਾ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਗੇਟਮੈਨ ਨੂੰ ਨੀਂਦ ਤੋਂ ਜਗਾਇਆ। ਫਿਰ ਗੇਟਮੈਨ ਨੇ ਫਾਟਕ ਬੰਦ ਕਰ ਦਿੱਤਾ।
ਮੌਤ ਮੇਰੇ ਨੇੜਿਓਂ ਲੰਘੀ
ਦੱਸ ਦੇਈਏ ਕਿ ਨਾਗਰਾ ਫਾਟਕ ਦੇ ਨੇੜੇ ਹੀ ਮਕਸੂਦਾਂ ਸਬਜ਼ੀ ਮੰਡੀ ਹੈ, ਜਿਥੋਂ ਸਵੇਰੇ ਤੜਕੇ ਸਬਜ਼ੀ ਵਿਕਰੇਤਾ ਸਬਜ਼ੀਆਂ ਲੈ ਕੇ ਨਾਗਰਾ ਫਾਟਕ ਕਰਾਸ ਕਰ ਕੇ ਨਿਕਲਦੇ ਹਨ।ਅੱਜ ਸਵੇਰੇ ਸਬਜ਼ੀ ਲੈ ਕੇ ਜਾ ਰਹੇ ਗਣੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ 10 ਸਕਿੰਟਾਂ 'ਚ ਆਪਣੇ ਆਪ ਨੂੰ ਬਚਾ ਲਿਆ ਅਤੇ ਜੇਕਰ ਟਰੇਨ ਚਾਲਕ ਨੇ ਸਮੇਂ 'ਤੇ ਹਾਰਨ ਨਾ ਦਿੱਤਾ ਹੁੰਦਾ ਤਾਂ ਉਸ ਦੀ ਜ਼ਿੰਦਗੀ ਖਤਮ ਹੋ ਜਾਣੀ ਸੀ। ਮੌਤ ਉਸ ਦੇ ਬਹੁਤ ਨੇੜਿਓਂ ਦੀ ਲੰਘੀ ਹੈ। ਗਣੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਗੇਟਮੇਨ ਨਾਲ ਗੱਲ ਕੀਤੀ ਤਾਂ ਉਸ ਕਿਹਾ ਕਿ ਉਸ ਨੂੰ ਲੱਗਾ ਸੀ ਕਿ ਫਾਟਕ ਬੰਦ ਹੈ, ਪਰ ਫਾਟਕ ਖੁੱਲ੍ਹਾ ਸੀ।
5 ਲੋਕਾਂ ਦੀ ਜਾਨ ਜਾ ਸਕਦੀ ਸੀ
ਸਬਜ਼ੀ ਵਿਕਰੇਤਾ ਰਵੀ ਸ਼ੰਕਰ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਬਜ਼ੀ ਵਿਕਰੇਤਾ ਰੇਲਵੇ ਪਟੜੀ ਤੋਂ ਨਾ ਭੱਜਦੇ ਤਾਂ ਇਸ ਹਾਦਸੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਜਾਨ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਗਈ ਹੈ ਅਤੇ ਉਹ ਇਸ ਵੀਡੀਓ ਨੂੰ ਰੇਲਵੇ ਵਿਭਾਗ ਨੂੰ ਸੌਂਪਣਗੇ। ਰੇਲਵੇ ਅਧਿਕਾਰੀ ਇਸ ਮਾਮਲੇ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।