ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਨਿਹੰਗ ਸਿੰਘਾਂ ਦੇ ਬਾਣੇ 'ਚ ਦੋ ਵਿਅਕਤੀਆਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ 'ਤੇ ਸ਼ਰੇਆਮ ਸੜਕ ਵਿਚਕਾਰ ਤਲਵਾਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦਾ ਗੰਨਮੈਨ ਵਿਰੋਧ ਕਰਨ ਦੀ ਬਜਾਏ ਇਕ ਪਾਸੇ ਹੋ ਗਿਆ। ਇਸ ਨਾਲ ਹਿੰਦੂ ਸੰਗਠਨ ਨਾਰਾਜ਼ ਹਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਹੈ। ਲੁਧਿਆਣਾ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਬਾਬਾ ਬੁੱਢਾ ਦਲ ਨਾਲ ਸਬੰਧਤ ਹਨ, ਜਦਕਿ ਕਿ ਮੌਕੇ 'ਤੇ ਮੌਜੂਦ ਗੰਨਮੈਨ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਿਵ ਸੈਨਾ ਆਗੂ ਥਾਪਰ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।
ਸਕੂਟੀ 'ਤੇ ਆ ਰਿਹਾ ਸੀ ਸ਼ਿਵ ਸੈਨਾ ਆਗੂ
ਸ਼ਿਵ ਸੈਨਾ ਆਗੂ ਸੰਦੀਪ ਥਾਪਰ ਧਾਰਮਿਕ ਪ੍ਰੋਗਰਾਮ ਤੋਂ ਸਕੂਟੀ 'ਤੇ ਵਾਪਸ ਆ ਰਹੇ ਸਨ। ਉਸ ਦਾ ਗੰਨਮੈਨ ਵੀ ਉਸ ਦੇ ਪਿੱਛੇ ਬੈਠਾ ਸੀ। ਸਿਵਲ ਹਸਪਤਾਲ ਦੇ ਬਾਹਰ ਨਿਹੰਗ ਬਾਣੇ ਵਿਚ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤਲਵਾਰਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਨੇ ਗੰਨਮੈਨ ਨੂੰ ਧੱਕਾ ਦੇ ਕੇ ਸਾਈਡ 'ਤੇ ਕਰ ਦਿੱਤਾ। ਫਿਰ ਗੰਨਮੈਨ ਨੇ ਵਿਰੋਧ ਨਹੀਂ ਕੀਤਾ ਅਤੇ ਇਕ ਪਾਸੇ ਖੜ੍ਹਾ ਹੋ ਗਿਆ। ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।