ਤਰਨਤਾਰਨ 'ਚ ਚੋਰਾਂ ਨੇ ਵਿਧਾਇਕ ਦੇ ਦਫਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ 'ਚੋਂ 3 ਏ.ਸੀ., ਪੱਖੇ ਅਤੇ ਕੁਰਸੀਆਂ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਜਾਂਦੇ ਸਮੇਂ ਦਫ਼ਤਰ ਦੀਆਂ ਤਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਵਿਧਾਇਕ ਦੇ ਦਫ਼ਤਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਕਦੋਂ ਅੰਜਾਮ ਦਿੱਤਾ, ਇਸ ਬਾਰੇ ਫਿਲਹਾਲ ਕਿਸੇ ਨੂੰ ਕੁਝ ਨਹੀਂ ਪਤਾ। ਪਰ ਚੋਰ ਦਫ਼ਤਰ ਵਿੱਚ ਪਿਆ ਜ਼ਰੂਰੀ ਸਮਾਨ ਚੋਰੀ ਕਰ ਕੇ ਲੈ ਗਏ ਹਨ। ਲੋਕ ਸਭਾ ਚੋਣਾਂ ਕਾਰਨ ਵਿਧਾਇਕ ਦਾ ਦਫ਼ਤਰ 2 ਮਹੀਨਿਆਂ ਤੋਂ ਬੰਦ ਸੀ।
ਪੁਲਸ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ। ਭਾਵੇਂ ਦਫ਼ਤਰ ਵਿੱਚ ਸੀਸੀਟੀਵੀ ਨਹੀਂ ਲੱਗੇ ਹੋਏ ਹਨ ਪਰ ਵਿਧਾਇਕ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਚੈੱਕ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।