ਮੌਸਮ ਵਿੱਚ ਤਬਦੀਲੀ ਨਾਲ ਬੀ.ਐਸ.ਐਫ. ਅਧਿਕਾਰੀਆਂ ਨੇ ਬਾਰਡਰ ਜੁਆਇੰਟ ਚੈਕ ਪੋਸਟ 'ਤੇ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਬੀਐਸਐਫ ਨੇ ਅਟਾਰੀ ਵਾਹਗਾ ਬਾਰਡਰ 'ਤੇ ਰਿਟ੍ਰੀਟ ਸਮਾਰੋਹ ਲਈ ਆਉਣ ਵਾਲੇ ਸੈਲਾਨੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ, ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਕਾਰਨ ਹੁਣ ਰਿਟ੍ਰੀਟ ਸੈਰੇਮਨੀ ਸ਼ਾਮ 6 ਵਜੇ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਸੀ, ਜਿਸ ਨੂੰ ਹੁਣ ਬਦਲ ਕੇ 6 ਵਜੇ ਕਰ ਦਿੱਤਾ ਗਿਆ ਹੈ। ਰਿਟ੍ਰੀਟ ਸਮਾਰੋਹ ਨੂੰ ਦੇਖਣ ਲਈ ਹਰ ਰੋਜ਼ ਹਜ਼ਾਰਾਂ ਸੈਲਾਨੀ ਵਾਹਗਾ ਬਾਰਡਰ 'ਤੇ ਪਹੁੰਚਦੇ ਹਨ।
ਦੇਸ਼-ਵਿਦੇਸ਼ ਤੋਂ ਰਿਟ੍ਰੀਟ ਸੈਰੇਮਨੀ ਦੇਖਣ ਆਉਂਦੇ ਸੈਲਾਨੀ
ਦੇਸ਼ ਵਿਚ ਤਿੰਨ ਥਾਵਾਂ 'ਤੇ ਭਾਰਤ ਅਤੇ ਪਾਕਿਸਤਾਨ ਫੌਜ ਵਿਚਾਲੇ ਰਿਟ੍ਰੀਟ ਸੈਰੇਮਨੀ ਹੁੰਦੀ ਹੈ, ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ। ਅੰਮ੍ਰਿਤਸਰ ਦੇ ਵਾਹਗਾ ਬਾਰਡਰ, ਫਾਜ਼ਲਿਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਇਸ ਰਿਟ੍ਰੀਟ ਸਮਾਰੋਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।
ਦੱਸ ਦੇਈਏ ਕਿ ਗਰਮੀਆਂ ਵਿਚ ਦਿਨ ਲੰਬੇ ਹੁੰਦੇ ਹਨ, ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ ਅਤੇ ਸਰਦੀਆਂ ਵਿਚ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ, ਇਸ ਲਈ ਪਰੇਡ ਸਮੇਂ ਅਨੁਸਾਰ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ। ਅਟਾਰੀ ਸਰਹੱਦ 'ਤੇ ਹੋਣ ਵਾਲੇ ਇਸ ਇਕੱਠ ਨੂੰ ਰਿਟ੍ਰੀਟ ਸੈਰੇਮਨੀ ਕਿਹਾ ਜਾਂਦਾ ਹੈ। ਇਸ ਰੋਮਾਂਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।