ਪੰਜਾਬ ਵਿੱਚ ਟਰੈਕਟਰਾਂ ਦੇ ਸਟੰਟ ਨਹੀਂ ਰੁਕ ਰਹੇ। ਇਨ੍ਹਾਂ ਸਟੰਟ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਦਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ |ਪੰਜਾਬ ਦੇ ਫਗਵਾੜਾ ਵਿਚ ਰੇਸ ਮੁਕਾਬਲਿਆਂ ਦੌਰਾਨ ਇੱਕ ਟਰੈਕਟਰ ਬੇਕਾਬੂ ਹੋ ਗਿਆ। ਟਰੈਕਟਰ ਬੇਕਾਬੂ ਹੋ ਕੇ ਦੌੜ ਦੇਖ ਰਹੇ ਦਰਸ਼ਕਾਂ ‘ਤੇ ਚੜ੍ਹ ਗਿਆ, ਜਿਸ ਕਾਰਨ ਪੰਜ ਤੋਂ ਸੱਤ ਲੋਕ ਜ਼ਖਮੀ ਹੋ ਗਏ। ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਕਈ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਖੌਫਨਾਕ ਦ੍ਰਿਸ਼ ਦਾ ਲਾਈਵ ਵੀਡੀਓ ਵੀ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਇਸ ਪੂਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਫਿਲਹਾਲ ਫਗਵਾੜਾ ਪੁਲਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਫਗਵਾੜਾ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਟਰੈਕਟਰ ਵੀ ਕਬਜ਼ੇ ਵਿੱਚ ਲਏ। ਹਾਲਾਂਕਿ ਇਸ ਘਟਨਾ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣੀਆਂ ਬਾਕੀ ਹਨ।
ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਟਰੈਕਟਰ ਰੇਸ
ਪੁਲਿਸ ਨੇ ਦੱਸਿਆ ਕਿ ਇਸ ਰੇਸ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਹ ਰੇਸ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਘਟਨਾ ਵਿੱਚ ਟਰੈਕਟਰ ਚਲਾ ਰਿਹਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਨੂੰ ਪਹਿਲਾ ਹੀ ਗੈਰ-ਕਾਨੂੰਨੀ ਕਰਾਰ ਐਲਾਨਿਆਂ ਹੋਇਆ ਹੈ ਤੇ ਇਸ ਉੱਤੇ ਪਾਬੰਧੀ ਵੀ ਲਗਾਈ ਹੋਈ ਹੈ। ਇਸ ਲਈ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਮਾਮਲੇ ਵਿੱਚ ਦੌੜ ਦਾ ਆਯੋਜਨ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਪੀੜਤ ਨੇ ਦਿੱਤੀ ਜਾਣਕਾਰੀ
ਘਟਨਾ ਵਿੱਚ ਜ਼ਖ਼ਮੀ ਹੋਏ ਰਤਨ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਸਾਈਡ ’ਤੇ ਖੜ੍ਹੇ ਹੋ ਕੇ ਟਰੈਕਟਰ ਦੀ ਦੌੜ ਦੇਖ ਰਹੇ ਸੀ। ਟਰੈਕਟਰਾਂ ਦੀ ਦੌੜ ਵਿੱਚ ਦੋ ਗੱਡੀਆਂ ਦੌੜ ਰਹੀਆਂ ਸਨ। ਇਸ ਦੌਰਾਨ ਬੇਕਾਬੂ ਹੋਏ ਟਰੈਕਟਰ ਦੀ ਚਪੇਟ 'ਚ ਆ ਗਏ | ਉਹ ਅਤੇ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ|