ਅੰਮ੍ਰਿਤਸਰ ਦੇ ਅਜਨਾਲਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਨਸ਼ਾ ਸਪਲਾਈ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ 2 ਉਤੇ ਕੀਤਾ ਕੇਸ ਦਰਜ
ਪੁਲਸ ਨੇ ਮ੍ਰਿਤਕ ਰਣਜੀਤ ਮਸੀਹ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਹੈਪੀ ਅਤੇ ਸਾਹਿਲ ਵਾਸੀ ਅਜਨਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੋਵਾਂ ਨੂੰ ਪਿੰਡ ਤੋਂ ਹੀ ਗ੍ਰਿਫਤਾਰ ਕਰ ਲਿਆ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਰਣਜੀਤ ਮਸੀਹ 27 ਜੁਲਾਈ ਨੂੰ ਘਰੋਂ ਨਿਕਲਿਆ ਸੀ ਪਰ 28 ਜੁਲਾਈ ਤੱਕ ਘਰ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਰਣਜੀਤ ਸਿੰਘ ਦੀ ਲਾਸ਼ ਅਜਨਾਲਾ ਦੇ ਹੀ ਸਾਕੀ ਪੁਲ ਨੇੜਿਓਂ ਮਿਲੀ। ਪਰਮਜੀਤ ਕੌਰ ਅਨੁਸਾਰ ਹੈਪੀ ਅਤੇ ਸਾਹਿਲ ਉਸ ਨੂੰ ਹੈਰੋਇਨ ਲੈ ਕੇ ਦਿੰਦੇ ਸਨ, ਜਿਸ ਕਾਰਨ ਉਸ ਦੇ ਨੌਜਵਾਨ ਲੜਕੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਨਸ਼ਾ ਕਰਦੇ ਸਨ ਸਪਲਾਈ
ਇਸ ਤੋਂ ਬਾਅਦ ਅੱਜ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੈਪੀ ਅਤੇ ਸਾਹਿਲ ਘੁੰਮ ਰਹੇ ਹਨ ਅਤੇ ਨਸ਼ਾ ਸਪਲਾਈ ਕਰਦੇ ਹਨ। ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੇ ਅੱਗੇ-ਪਿੱਛੇ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ।