ਲੁਧਿਆਣਾ ਵਿੱਚ ਵਿਜੀਲੈਂਸ ਨੇ ਇੱਕ ਵਿਅਕਤੀ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਨੇ ਇਹ ਰਿਸ਼ਵਤ ਨਗਰ ਨਿਗਮ ਦੇ ਅਧਿਕਾਰੀਆਂ ਦਾ ਨਾਂ ਲੈ ਕੇ ਐਨਓਸੀ ਲੈਣ ਦਾ ਕਹਿ ਕੇ ਲਈ ਸੀ। ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਰਦੀਪ ਸਿੰਘ ਬੰਗੜ ਨੇ ਨਗਰ ਨਿਗਮ ਲੁਧਿਆਣਾ ਤੋਂ ਐਨ.ਓ.ਸੀ ਜਾਰੀ ਕਰਨ ਬਦਲੇ 30,000 ਰੁਪਏ ਦੀ ਰਿਸ਼ਵਤ ਲਈ ਸੀ।
ਜਦੋਂ ਇਸ ਸ਼ਿਕਾਇਤ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦੇ ਪਿਤਾ ਮਦਨ ਲਾਲ ਨੇ ਸਾਲ 2022 ਵਿੱਚ ਮਕਾਨ ਖਰੀਦਿਆ ਸੀ ਅਤੇ ਉਸ ਨੂੰ ਉਕਤ ਮਕਾਨ ਨੂੰ ਅੱਗੇ ਵੇਚਣ ਲਈ ਐਨਓਸੀ ਦੀ ਲੋੜ ਸੀ। ਅਮਰਦੀਪ ਸਿੰਘ ਬੰਗੜ ਨੇ ਆਪਣੇ ਆਪ ਨੂੰ ਗਿੱਲ ਪਿੰਡ ਦੇ ਪਟਵਾਰਖਾਨਾ ਵਿਖੇ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ। ਉਸ ਨੇ ਉਨ੍ਹਾਂ ਨੂੰ 30,000 ਰੁਪਏ ਦੀ ਰਿਸ਼ਵਤ ਲੈ ਕੇ ਜਲਦੀ ਹੀ ਐਨਓਸੀ ਜਾਰੀ ਕਰਨ ਲਈ ਕਿਹਾ।