ਦਿੱਲੀ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇਤਾ ਪ੍ਰਵੇਸ਼ ਵਰਮਾ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 3 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਜਿੱਤ ਤੋਂ ਤੁਰੰਤ ਬਾਅਦ, ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵੀ ਗਏ। ਜਿਸ ਤੋਂ ਬਾਅਦ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀਆਂ ਚਰਚਾਵਾਂ ਹਨ। ਤਾਂ ਆਓ ਜਾਣਦੇ ਹਾਂ ਪ੍ਰਵੇਸ਼ ਵਰਮਾ ਕੌਣ ਹੈ ਜਿਸਨੇ ਕੇਜਰੀਵਾਲ ਨੂੰ ਹਰਾਇਆ ਹੈ।
ਸਾਬਕਾ ਮੁੱਖ ਮੰਤਰੀ ਦੇ ਬੇਟੇ ਹਨ ਪ੍ਰਵੇਸ਼ ਵਰਮਾ
ਪ੍ਰਵੇਸ਼ ਵਰਮਾ ਦਾ ਜਨਮ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਘਰ ਹੋਇਆ ਸੀ। 7 ਨਵੰਬਰ 1977 ਨੂੰ ਜਨਮੇ ਪ੍ਰਵੇਸ਼ ਸ਼ਰਮਾ ਨੇ ਕਰੋੜੀ ਮਲ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੀ ਡਿਗਰੀ ਪ੍ਰਾਪਤ ਕੀਤੀ। ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਫੋਰ ਸਕੂਲ ਆਫ਼ ਮੈਨੇਜਮੈਂਟ ਤੋਂ ਇੰਟਰਨੈਸ਼ਨਲ ਬਿਜ਼ਨਸ ਵਿੱਚ ਐਮਬੀਏ ਕੀਤੀ।
ਦਿੱਲੀ 'ਚ ਸਭ ਤੋਂ ਵੱਡੀ ਜਿੱਤ ਦਾ ਬਣਾਇਆ ਰਿਕਾਰਡ
ਪ੍ਰਵੇਸ਼ ਵਰਮਾ ਨੇ ਸਾਲ 2013 ਵਿੱਚ ਦਿੱਲੀ ਦੀ ਮਹਿਰੌਲੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਇਸ ਚੋਣ ਵਿੱਚ, ਉਨ੍ਹਾਂ ਨੇ ਯੋਗਾਨੰਦ ਸ਼ਾਸਤਰੀ ਨੂੰ ਹਰਾਇਆ, ਜਿਨ੍ਹਾਂ ਨੂੰ ਇੱਕ ਤਜਰਬੇਕਾਰ ਕਾਂਗਰਸੀ ਨੇਤਾ ਮੰਨਿਆ ਜਾਂਦਾ ਸੀ। ਅਗਲੇ ਹੀ ਸਾਲ, ਉਨ੍ਹਾਂ ਨੇ ਦਿੱਲੀ ਪੱਛਮੀ ਤੋਂ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤ ਵੀ ਲਈਆਂ ਅਤੇ ਪਹਿਲੀ ਵਾਰ ਸੰਸਦ ਭਵਨ ਪਹੁੰਚੇ। ਇਸ ਤੋਂ ਬਾਅਦ, 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਕਾਂਗਰਸ ਦੇ ਮਹਾਬਲ ਮਿਸ਼ਰਾ ਨੂੰ 5 ਲੱਖ ਤੋਂ ਵੱਧ ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾਇਆ। ਜੋ ਕਿ ਦਿੱਲੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ।
ਪ੍ਰਵੇਸ਼ ਵਰਮਾ ਦੀ ਕੁੱਲ ਜਾਇਦਾਦ
2025 ਵਿੱਚ ਵਿਧਾਨ ਸਭਾ ਚੋਣਾਂ ਲਈ ਦਿੱਤੇ ਹਲਫ਼ਨਾਮੇ ਵਿੱਚ ਪ੍ਰਵੇਸ਼ ਵਰਮਾ ਨੇ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਦਿੱਤਾ ਸੀ। ਹਲਫ਼ਨਾਮੇ ਦੇ ਅਨੁਸਾਰ, ਪ੍ਰਵੇਸ਼ ਵਰਮਾ ਕੋਲ ਤਿੰਨ ਗੱਡੀਆਂ ਹਨ ਜਿਨ੍ਹਾਂ ਵਿੱਚ ਇਨੋਵਾ, ਫਾਰਚੂਨਰ ਅਤੇ ਮਹਿੰਦਰਾ XUV ਸ਼ਾਮਲ ਹਨ। ਪ੍ਰਵੇਸ਼ ਵਰਮਾ ਕੋਲ 90 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ 'ਚ ਉਨ੍ਹਾਂ ਕੋਲ 77 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ, ਜਦੋਂ ਕਿ ਅਚੱਲ ਜਾਇਦਾਦ 12 ਕਰੋੜ ਰੁਪਏ ਦੀ ਹੈ।