ਅੰਮ੍ਰਿਤਸਰ 'ਚ ਨਸ਼ਾ ਤਸਕਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਹੈ। ਨੌਜਵਾਨ ਦੀ ਪਛਾਣ ਰਜਿੰਦਰ ਸਿੰਘ ਉਰਫ ਸੰਨੀ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ 'ਚ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੇ ਨੌਜਵਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
ਕੈਮਰੇ ਲਗਾਉਣ ਕਾਰਨ ਮੁਲਜ਼ਮ ਦਿੰਦੇ ਸਨ ਧਮਕੀਆਂ
ਮ੍ਰਿਤਕ ਦੀ ਭੈਣ ਰੀਨਾ ਅਨੁਸਾਰ ਤਿੰਨੇ ਮੁਲਜ਼ਮ ਪ੍ਰਿੰਸ, ਛੋਟਾ ਰਾਜਨ ਅਤੇ ਸੁਨੀਤਾ ਰਾਣੀ ਉਸ ਦੇ ਗੁਆਂਢ ਵਿੱਚ ਰਹਿੰਦੇ ਹਨ। ਉਸ ਨੇ ਆਪਣੀ ਸੁਰੱਖਿਆ ਲਈ ਘਰ ਦੇ ਬਾਹਰ ਕੈਮਰੇ ਲਾਏ ਹੋਏ ਸਨ। ਕੈਮਰੇ ਲਗਾਉਣ ਤੋਂ ਬਾਅਦ ਛੋਟਾ ਰਾਜਨ ਧਮਕੀਆਂ ਦਿੰਦਾ ਰਿਹਾ। ਉਹ ਕਹਿੰਦਾ ਸੀ ਕਿ ਮੈਂ ਤੈਨੂੰ ਛੱਡਾਂਗਾ ਨਹੀਂ।
ਆਪਣੇ ਪਿਤਾ ਦਾ ਇਲਾਜ ਕਰਵਾਉਣ ਸਿਵਲ ਹਸਪਤਾਲ ਗਿਆ ਸੀ ਸੰਨੀ
ਬੀਤੀ ਰਾਤ ਤਿੰਨਾਂ ਮੁਲਜ਼ਮਾਂ ਦੀ ਸੰਨੀ ਦੇ ਪਿਤਾ ਨਾਲ ਲੜਾਈ ਹੋ ਗਈ। ਉਨ੍ਹਾਂ ਨੇ ਸੰਨੀ ਦੇ ਪਿਤਾ ਗੁਰਦੇਵ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਸੰਨੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣ ਗਿਆ ਸੀ। ਪੁਲਿਸ ਨੇ ਸੰਨੀ ਨੂੰ ਪਹਿਲਾਂ ਸਿਵਲ ਹਸਪਤਾਲ ਜਾਣ ਲਈ ਕਿਹਾ। ਜਿੱਥੇ ਉਸ ਦਾ ਪਿੱਛਾ ਕਰ ਰਹੇ ਛੋਟਾ ਰਾਜਨ ਨੇ ਸੰਨੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
2 ਸਾਲ ਪਹਿਲਾਂ ਹੋਇਆ ਸੀ ਵਿਆਹ
ਸੰਨੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਤਿੰਨ ਮਹੀਨੇ ਦੇ ਬੱਚੇ ਦਾ ਪਿਤਾ ਸੀ। ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਮੌਕੇ 'ਤੇ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਮੌਜੂਦ ਸੀ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਸੁਖਦੇਵ ਸਿੰਘ ਉਰਫ਼ ਪ੍ਰਿੰਸ, ਮਹਿਤਾਬ ਸਿੰਘ ਉਰਫ਼ ਛੋਟਾ ਰਾਜਨ ਤੇ ਸੁਨੀਤਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।