ਸ਼ੁੱਕਰਵਾਰ ਰਾਤ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਸਥਿਤ ਢਾਬੇ 'ਤੇ ਦਰਜਨ ਭਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ, ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ 'ਚ ਢਾਬੇ 'ਤੇ ਕੰਮ ਕਰ ਰਹੇ ਸੁਰੱਖਿਆ ਗਾਰਡ ਅਤੇ ਲੋਕਾਂ ਦੀ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ |
ਸੁਰੱਖਿਆ ਗਾਰਡ ਦਾ ਕਹਿਣਾ ਹੈ ਕਿ ਉਹ ਢਾਬੇ 'ਤੇ ਖਾਣਾ ਖਾ ਰਿਹਾ ਸੀ ਜਦੋਂ ਨੌਜਵਾਨਾਂ ਦੇ ਇਕ ਸਮੂਹ ਨੇ ਉਸ 'ਤੇ ਤੇਜ਼ਧਾਰ ਹਥਿਆਰ ਅਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸਬੰਧੀ ਜਦੋਂ ਢਾਬੇ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਘਰ ਵਿਚ ਹੀ ਸੀ ਜਦੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਉਹਨਾਂ ਦੇ ਢਾਬੇ 'ਤੇ ਕੰਮ ਕਰਦੇ ਲੋਕਾਂ 'ਤੇ ਹਮਲਾ ਕਰ ਦਿੱਤਾ ਅਤੇ ਇੱਟਾਂ-ਪੱਥਰਾਂ ਸੁੱਟ ਕੇ ਉਹਨਾਂ ਦੇ ਢਾਬੇ ਨੂੰ ਨੁਕਸਾਨ ਪਹੁੰਚਾਇਆ | ਕੁਰਸੀਆਂ ਚੁੱਕ ਕੇ ਬਾਹਰ ਸੁੱਟ ਦਿੱਤੀਆਂ ਗਈਆਂ।
ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ 'ਚ ਵੱਡੀ ਗਿਣਤੀ 'ਚ ਨੌਜਵਾਨ ਹਥਿਆਰਾਂ ਨਾਲ ਇਕ ਬੰਦ ਦੁਕਾਨ ਦੇ ਸ਼ਟਰ 'ਤੇ ਹਮਲਾ ਕਰ ਰਹੇ ਹਨ, ਜਦਕਿ ਹੋਰ ਨੌਜਵਾਨ ਤਾਲੇ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੇ ਨਾਲ ਹੀ ਕੁਝ ਨੌਜਵਾਨਾਂ ਨੇ ਹੋਰ ਦੁਕਾਨਾਂ ਵਿੱਚ ਦਾਖਲ ਹੋ ਕੇ ਢਾਬਾ ਮਾਲਕ ਦੀਆਂ ਕੁਰਸੀਆਂ ਸੁੱਟ ਦਿੱਤੀਆਂ। ਇਸ ਦੌਰਾਨ ਦੁਕਾਨ ਦੇ ਬਾਹਰ ਲੱਗੇ ਫਲੈਕਸ ਬੋਰਡ ਨੂੰ ਵੀ ਪਾੜ ਦਿੱਤਾ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਚੌਕੀ 'ਤੇ ਤਾਇਨਾਤ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਜਲਦ ਹੀ ਦੋਸ਼ੀ ਨੌਜਵਾਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ |