ਪੰਜਾਬ ਦੇ ਬਰਖਾਸਤ AIG ਰਾਜਜੀਤ ਸਿੰਘ ਨੇ ਲਗਭਗ ਛੇ ਸਾਲਾਂ ਤੱਕ ਫਰਾਰ ਰਹਿਣ ਤੋਂ ਬਾਅਦ ਵੀਰਵਾਰ, 24 ਸਤੰਬਰ ਨੂੰ ਪਟਿਆਲਾ ਪੁਲਿਸ ਅੱਗੇ ਸਰੰਡਰ ਕਰ ਦਿੱਤਾ।ਸਰੰਡਰ ਕਰਨ ਤੋਂ ਬਾਅਦ ਪੁਲਿਸ ਨੇ ਉਸਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਦੇ DGP ਗੌਰਵ ਯਾਦਵ ਨੇ ਵੀ ਉਸਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਰਾਜਜੀਤ ਸਿੰਘ ਵਿਰੁੱਧ 2019 ਵਿੱਚ ਨਸ਼ਾ ਤਸਕਰੀ, ਜਬਰੀ ਵਸੂਲੀ ਅਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ ਦਰਜ ਕੀਤੇ ਗਏ ਸਨ।ਉਸਦਾ ਨਾਮ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਕਥਿਤ ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਨੈੱਟਵਰਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਅਤੇ STF ਵੱਲੋਂ ਵੀ ਉਸ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ।
ਹਾਈ ਕੋਰਟ ਵੱਲੋਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਰਾਜਜੀਤ ਸਿੰਘ ਫਰਾਰ ਹੋ ਗਿਆ ਸੀ ਅਤੇ ਉਸਦੀ ਭਾਲ ਲਈ ਲੁੱਕ-ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।
ਜਾਂਚ ਦੌਰਾਨ ਉਸ ‘ਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ ‘ਤੇ ਸੁਰੱਖਿਆ ਦੇਣ, ਬੇਕਸੂਰ ਲੋਕਾਂ ਨੂੰ ਨਸ਼ਿਆਂ ਦੇ ਮਾਮਲਿਆਂ ਵਿੱਚ ਫਸਾਉਣ ਅਤੇ ਜਬਰੀ ਵਸੂਲੀ ਦੇ ਦੋਸ਼ ਵੀ ਸਾਹਮਣੇ ਆਏ ਸਨ।ਹੁਣ ਕਰੀਬ ਛੇ ਸਾਲਾਂ ਬਾਅਦ ਉਸਨੇ ਪਟਿਆਲਾ ਪੁਲਿਸ ਅੱਗੇ ਸਰੰਡਰ ਕੀਤਾ ਹੈ ਅਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।









