ਖਬਰਿਸਤਾਨ ਨੈੱਟਵਰਕ- ਹਿਮਾਚਲ ਪ੍ਰਦੇਸ਼ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 3 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਹਾਦਸਾ ਮੰਡੀ ਜ਼ਿਲ੍ਹੇ ਵਿਚ ਜੰਜੇਹਲੀ-ਛਤਰੀ ਸੜਕ ’ਤੇ ਮਗਰੂਗਾਲਾ ਅਤੇ ਮਝਵਾਲ ਦੇ ਵਿਚਕਾਰ ਸੈਣੀ ਨਾਲਾ ਨੇੜੇ ਵਾਪਰਿਆ, ਜਿਥੇ ਇਕ ਆਲਟੋ ਕਾਰ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ
ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਦੇਵਦੱਤ ਪਿੰਡ ਗਗਨ, ਮੰਗਲ ਚੰਦ ਪਿੰਡ ਤਰਾਲਾ ਅਤੇ ਆਸ਼ੂ ਪਿੰਡ ਧਵਨ ਵਜੋਂ ਹੋਈ ਹੈ। ਸਾਰੇ ਮ੍ਰਿਤਕ ਗ੍ਰਾਮ ਪੰਚਾਇਤ ਬ੍ਰੇਯੋਗੀ ਦੇ ਵਸਨੀਕ ਸਨ। ਜ਼ਖਮੀਆਂ ਵਿਚ ਡਰਾਈਵਰ ਗੁਮਾਨ ਸਿੰਘ ਪਿੰਡ ਕਲਿਆਣਜੂ ਅਤੇ ਲਾਭ ਸਿੰਘ ਪਿੰਡ ਗਗਨ ਸ਼ਾਮਲ ਹਨ। ਸਾਰਿਆਂ ਦੀ ਉਮਰ 35 ਤੋਂ 42 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਮੀਂਹ ਕਾਰਣ ਸੜਕ ਦੀ ਹਾਲਤ ਹੋ ਗਈ ਸੀ ਖਸਤਾ
ਹਾਦਸੇ ਦਾ ਕਾਰਨ ਮੀਂਹ ਕਾਰਨ ਸੜਕ ਦੀ ਮਾੜੀ ਹਾਲਤ ਅਤੇ ਖੰਭੇ ਦਾ ਡਿੱਗਿਆ ਹੋਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਲੋਕ ਸੇਬ ਦੇ ਸੀਜ਼ਨ ਲਈ ਸ਼ੰਕਰਡੇਹਰਾ ਗਏ ਸਨ ਅਤੇ ਐਤਵਾਰ ਸ਼ਾਮ ਨੂੰ ਵਾਪਸ ਆ ਰਹੇ ਸਨ। ਹਾਦਸਾ ਰਾਤ ਸਮੇਂ ਹੋਇਆ ਪਰ ਇਸ ਦੀ ਜਾਣਕਾਰੀ ਸਵੇਰੇ ਸਾਹਮਣੇ ਆਈ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ’ਤੇ ਪੁੱਜੀ।