ਚੰਡੀਗੜ੍ਹ ਸੈਕਟਰ-22 ਵਿੱਚ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਿਤਿਨ ਵਜੋਂ ਹੋਈ ਹੈ, ਜੋ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਦੀ ਅਕਾਊਂਟ ਬ੍ਰਾਂਚ ਵਿੱਚ ਤਾਇਨਾਤ ਸਨ।
ਸਵੇਰੇ ਕਰੀਬ 9 ਵਜੇ ਸੁਣੀ ਗੋਲੀ ਦੀ ਆਵਾਜ਼
ਪੜੋਸੀਆਂ ਮੁਤਾਬਕ ਸਵੇਰੇ ਕਰੀਬ 9 ਵਜੇ ਨਿਤਿਨ ਦੇ ਘਰੋਂ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ। ਇਸੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪੜੋਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਨਿਤਿਨ ਬੈੱਡ ‘ਤੇ ਜ਼ਖ਼ਮੀ ਹਾਲਤ ਵਿੱਚ ਪਏ ਮਿਲੇ। ਪੁਲਿਸ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁੱਤਰ ਦੇ ਬਿਆਨ ‘ਤੇ ਪੁਲਿਸ ਨੂੰ ਹੋਇਆ ਸ਼ੱਕ
ਘਟਨਾ ਤੋਂ ਬਾਅਦ ਪੁਲਿਸ ਨੇ ਨਿਤਿਨ ਦੇ 18 ਸਾਲਾ ਪੁੱਤਰ ਤੋਂ ਪੁੱਛਗਿੱਛ ਕੀਤੀ। ਸ਼ੁਰੂਆਤੀ ਬਿਆਨ ਵਿੱਚ ਪੁੱਤਰ ਨੇ ਦੱਸਿਆ ਕਿ ਕਿਸੇ ਹੋਰ ਵਿਅਕਤੀ ਨੇ ਉਸਦੇ ਪਿਤਾ ਨੂੰ ਗੋਲੀ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਹਾਲਾਂਕਿ, ਪੁਲਿਸ ਵੱਲੋਂ ਦੁਬਾਰਾ ਪੁੱਛਗਿੱਛ ਕਰਨ ‘ਤੇ ਉਸਦੇ ਬਿਆਨਾਂ ਵਿੱਚ ਕਥਿਤ ਤੌਰ ‘ਤੇ ਵਿਰੋਧਾਭਾਸ ਸਾਹਮਣੇ ਆਏ। ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੜੋਸੀਆਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।









