ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਇਕ ਵਿਦਿਆਰਥੀ ਨੇ ਆਪਾ ਗੁਆ ਕੇ ਪਰਿਵਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਉਸ ਨੇ 4 ਬੱਚਿਆਂ ਸਮੇਤ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਵਿਦਿਆਰਥੀ ਫੈਬਰੀਸੀਓ ਡੀ-ਜ਼ੋਇਸਾ ਨੂੰ ਗ੍ਰਿਫਤਾਰ ਕਰ ਲਿਆ ਹੈ।
4 ਬੱਚਿਆਂ ਸਮੇਤ 6 ਦੀ ਮੌਤ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕੈਨੇਡਾ 'ਚ ਅਜਿਹੀਆਂ ਘਟਨਾਵਾਂ ਆਮ ਤੌਰ 'ਤੇ ਨਹੀਂ ਵਾਪਰਦੀਆਂ। ਮ੍ਰਿਤਕਾਂ ਵਿੱਚ ਇੱਕ 35 ਸਾਲਾ ਔਰਤ, ਉਸਦੇ 7, 4, 2 ਸਾਲ ਅਤੇ 2 ਮਹੀਨੇ ਦੇ ਬੱਚੇ ਅਤੇ ਇੱਕ 40 ਸਾਲਾ ਵਿਅਕਤੀ ਸ਼ਾਮਲ ਹੈ ਜੋ ਪਰਿਵਾਰ ਦਾ ਜਾਣਕਾਰ ਸੀ। ਇਸ ਦੇ ਨਾਲ ਹੀ ਹਮਲੇ 'ਚ ਬੱਚਿਆਂ ਦਾ ਪਿਤਾ ਵੀ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੂੰ ਰਾਤ 10:52 ਵਜੇ ਆਈਆਂ ਐਮਰਜੈਂਸੀ ਕਾਲਾਂ
ਪੁਲਿਸ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਪਰਿਵਾਰ ਦਾ ਇੱਕ ਮੈਂਬਰ ਬਾਹਰ ਸੀ ਅਤੇ ਕਿਸੇ ਨੂੰ 911 'ਤੇ ਕਾਲ ਕਰਨ ਲਈ ਚੀਕ ਰਿਹਾ ਸੀ। ਪੁਲਿਸ ਨੂੰ ਰਾਤ 10:52 ਵਜੇ ਦੋ ਐਮਰਜੈਂਸੀ ਕਾਲਾਂ ਆਈਆਂ ਸਨ।
ਪਤਨੀ ਅਤੇ ਬੱਚਿਆਂ ਦੀ ਜਾਨ ਚਲੀ ਗਈ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਕੈਨੇਡਾ ਆਏ ਸਨ। ਆਦਮੀ ਤਾਂ ਬਚ ਗਿਆ, ਪਰ ਉਸ ਦੀ ਪਤਨੀ ਅਤੇ ਬੱਚੇ ਮਰ ਗਏ। ਜਲਦ ਹੀ ਦੋਸ਼ੀ ਫੈਬਰੀਸਿਓ ਡੀ-ਜ਼ੋਇਸਾ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।