ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਦੇਰ ਸ਼ਾਮ ਆਮ ਆਦਮੀ ਪਾਰਟੀ (ਆਪ) 'ਤੇ ਗੰਭੀਰ ਦੋਸ਼ ਲਾਏ ਹਨ। ਇਕ ਪ੍ਰੋਗਰਾਮ 'ਚ ਚੰਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਖਬਾਰਾਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਿਆ ਹੈ। ਨਾਲ ਹੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧ ਹਨ।
ਕਿਹਾ- ਪਾਰਟੀ ਦੇ ਗੁਰਪਤਵੰਤ ਪੰਨੂ ਨਾਲ ਲਿੰਕ
ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਤੇ ਕਈ ਦੋਸ਼ ਲੱਗੇ ਹਨ। ਇੱਥੋਂ ਤੱਕ ਕਿ ‘ਆਪ’ ਦੇ ਗੁਰਪਤਵੰਤ ਸਿੰਘ ਪੰਨੂ ਨਾਲ ਵੀ ਸਬੰਧ ਪਾਏ ਗਏ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਦੇਸ਼ਾਂ ਤੋਂ ਪੈਸਾ ਆ ਰਿਹਾ ਹੈ। ਕੇਂਦਰ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਇੰਨਾ ਪੈਸਾ ਕਿਸ ਦੇਸ਼ ਤੋਂ ਆ ਰਿਹਾ ਹੈ ਅਤੇ ਕਿਵੇਂ ਆ ਰਿਹਾ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਪ ਦੇ ਕਿਸ ਨਾਲ ਲਿੰਕ ਹਨ।
ਜਲੰਧਰ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ
ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਪੁਲਸ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਅਤੇ ਜਲੰਧਰ 'ਚ ਅਮਨ ਕਾਨੂੰਨ ਦੀ ਸਥਿਤੀ ਫੇਲ੍ਹ ਹੋ ਚੁੱਕੀ ਹੈ। ਜਲੰਧਰ ਦੇ ਵਡਾਲਾ ਚੌਕ 'ਚ ਗੋਲੀਬਾਰੀ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਜੁੜੇ ਅਪਰਾਧੀ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ ਅਤੇ ਜੇਕਰ ਪੁਲਸ ਪ੍ਰਸ਼ਾਸਨ ਕੁਝ ਨਹੀਂ ਕਰੇਗਾ ਤਾਂ ਮੈਂ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਰੋਸ ਪ੍ਰਦਰਸ਼ਨ ਵੀ ਕਰ ਸਕਦਾ ਹਾਂ।
ਜਲੰਧਰ ਦੇ ਲੋਕ ਆਪਣੇ ਹੀ ਲੋਕ ਹਨ-ਚੰਨੀ
ਚੰਨੀ ਨੇ ਅੱਗੇ ਕਿਹਾ ਕਿ ਜਲੰਧਰ ਦੇ ਲੋਕ ਉਨ੍ਹਾਂ ਦੇ ਆਪਣੇ ਲੋਕ ਹਨ ਅਤੇ ਜੇਕਰ ਕੋਈ ਗੋਲੀ ਚੱਲੇਗੀ ਤਾਂ ਸਭ ਤੋਂ ਪਹਿਲਾਂ ਉਹ ਖੁਦ ਉਤੇ ਲੈਣਗੇ। ਉਨ੍ਹਾਂ ਸ਼ੀਤਲ ਅੰਗੁਰਾਲ 'ਤੇ ਕਿਹਾ ਕਿ ਸ਼ੀਤਲ ਸ਼ਹਿਰ 'ਚ ਸਾਰੀਆਂ ਅਪਰਾਧਿਕ ਵਾਰਦਾਤਾਂ ਕਰਵਾ ਰਿਹਾ ਹੈ।