ਹਿਮਾਚਲ ਪ੍ਰਦੇਸ਼ 'ਚ ਸ਼੍ਰੀ ਮਾਂ ਚਿੰਤਪੁਰਨੀ 'ਚ ਦੋ ਦੁਕਾਨਾਂ ਦੇ ਸ਼ਟਰਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿਮਾਚਲ ਪੁਲਿਸ ਨੇ ਜਲੰਧਰ ਪੁਲਿਸ ਤੋਂ ਤਿੰਨਾਂ ਮੁਲਜ਼ਮਾਂ ਦਾ ਰਿਕਾਰਡ ਮੰਗਿਆ ਹੈ। ਤਿੰਨੋਂ ਨੌਜਵਾਨ ਫਿਲੌਰ ਦੇ ਪਿੰਡ ਢੇਸੀਆਂ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਸਬੰਧ ਅੱਤਵਾਦੀ ਪੰਨੂ ਨਾਲ ਹਨ।
ਫੜੇ ਗਏ ਨੌਜਵਾਨਾਂ ਦੀ ਪਛਾਣ ਫੂਲ ਚੰਦ (26), ਅਰਜਿੰਦਰ ਸਿੰਘ (28) ਤੇ ਹੈਰੀ ਵਾਸੀ ਸੁਰਜਾ ਵਜੋਂ ਹੋਈ ਹੈ।
ਛਾਪੇਮਾਰੀ ਦੌਰਾਨ ਕੀਤਾ ਕਾਬੂ
ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਿਸ ਦੀਆਂ ਤਾਰਾਂ ਪਹਿਲਾਂ ਹੁਸ਼ਿਆਰਪੁਰ ਤੇ ਫਿਰ ਜਲੰਧਰ ਨਾਲ ਜੁੜੀਆਂ ਹੋਈਆਂ ਸਨ। ਸੀ.ਸੀ.ਟੀ.ਵੀ. ਦੀ ਮਦਦ ਨਾਲ ਇਹ ਵੀ ਖੁਲਾਸਾ ਹੋਇਆ ਕਿ ਤਿੰਨੇ ਦੋਸ਼ੀ ਨਾਅਰੇ ਲਿਖਣ ਤੋਂ ਬਾਅਦ ਕਿਸ ਹੋਟਲ ਵਿਚ ਠਹਿਰੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਹੋਰ ਮੱਦਦ ਲੈਂਦਿਆਂ ਦੇਹਰਾ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਅਤੇ ਆਖਿਰਕਾਰ ਸਫਲਤਾ ਹਾਸਿਲ ਕੀਤੀ |
ਦੱਸ ਦੇਈਏ ਕਿ ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿੰਨੇ ਪੈਸੇ ਮਿਲੇ ਹਨ।
ਅੱਤਵਾਦੀ ਪੰਨੂ ਨੇ ਲਈ ਸੀ ਜ਼ਿੰਮੇਵਾਰੀ
ਚਿੰਤਪੁਰਨੀ 'ਚ ਖਾਲਿਸਤਾਨੀ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਸੀ। 58 ਸੈਕਿੰਡ ਦੀ ਵੀਡੀਓ ਵਿਚ ਉਸ ਨੇ ਮੰਨਿਆ ਕਿ ਇਹ ਸਭ ਉਸ ਨੇ ਕਰਵਾਇਆ ਸੀ ਅਤੇ ਕਿਹਾ ਕਿ ਇਸ ਥਾਂ 'ਤੇ ਸਿੱਖਾਂ ਦਾ ਕਤਲੇਆਮ ਵੀ ਕੀਤਾ ਗਿਆ ਸੀ।