ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ- ਵਿਸ਼ਵ ਕੱਪ 2023 ਸੀਜ਼ਨ 13 ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਜਾਣਕਾਰੀ ਅਨੁਸਾਰ ਅੱਜ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ।
ਕੁੱਲ ਮੈਚ 48 ਖੇਡੇ ਜਾਣਗੇ
ਵਰਲਡ ਕੱਪ ਦੌਰਾਨ ਰਾਊਂਡ ਰੌਬਿਨ ਪੜਾਅ ਤਹਿਤ 45 ਮੈਚ ਖੇਡੇ ਜਾਣਗੇ, ਜਦਕਿ ਤਿੰਨ ਮੈਚ ਨਾਕਆਊਟ ਪੜਾਅ 'ਚ ਹੋਣਗੇ। ਭਾਵ ਕੁੱਲ 48 ਮੈਚ ਖੇਡੇ ਜਾਣਗੇ।
10 ਟੀਮਾਂ ਲੈ ਰਹੀਆਂ ਹਿੱਸਾ
ਜਾਣਕਾਰੀ ਅਨੁਸਾਰ ਵਰਲਡ ਕੱਪ ਟੂਰਨਾਮੈਂਟ ਦਾ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ। ਪਿਛਲੇ ਵਨਡੇ ਵਿਸ਼ਵ ਕੱਪ ਦੀ ਤਰ੍ਹਾਂ ਇਸ ਵਾਰ ਵੀ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਜ਼ਬਾਨ ਭਾਰਤ ਤੋਂ ਇਲਾਵਾ ਮੌਜੂਦਾ ਚੈਂਪੀਅਨ ਇੰਗਲੈਂਡ, ਉਪ ਜੇਤੂ ਨਿਊਜ਼ੀਲੈਂਡ, ਆਸਟ੍ਰੇਲੀਆ, ਪਾਕਿਸਤਾਨ, ਦੱਖਣੀ ਅਫਰੀਕਾ, ਸ਼੍ਰੀਲੰਕਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਨੀਦਰਲੈਂਡ ਵੀ ਟੂਰਨਾਮੈਂਟ ਖੇਡਦੇ ਨਜ਼ਰ ਆਉਣਗੇ।
ਭਾਰਤ ਦੇ ਇਨ੍ਹਾਂ ਸ਼ਹਿਰਾਂ ਵਿਚ ਖੇਡੇ ਜਾਣਗੇ ਮੈਚ
ਟੂਰਨਾਮੈਂਟ ਦੇ 48 ਮੈਚ ਭਾਰਤ ਦੇ 10 ਸ਼ਹਿਰਾਂ ਵਿੱਚ ਖੇਡੇ ਜਾਣਗੇ। ਦੱਸ ਦੇਈਏ ਕਿ ਤਿੰਨ ਮੈਚ ਹੈਦਰਾਬਾਦ ਵਿੱਚ ਖੇਡੇ ਜਾਣਗੇ, ਪੰਜ-ਪੰਜ ਮੈਚ ਬਾਕੀ ਦੇ ਨੌਂ ਸ਼ਹਿਰਾਂ ਜਿਵੇਂ ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੈਂਗਲੁਰੂ, ਮੁੰਬਈ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ।
ਭਾਰਤ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ
ਭਾਰਤੀ ਟੀਮ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਖੇਡਣ ਜਾ ਰਹੀ ਹੈ। ਇਹ ਮੈਚ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਨਾਲ ਭਾਰਤ ਦਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਤੋਂ ਬਾਅਦ ਭਾਰਤੀ ਟੀਮ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ, ਦੱਖਣੀ ਅਫਰੀਕਾ ਅਤੇ ਆਖਰੀ ਗਰੁੱਪ ਮੈਚ ਨੀਦਰਲੈਂਡ ਖਿਲਾਫ ਖੇਡੇਗੀ।