ਖਬਰਿਸਤਾਨ ਨੈੱਟਵਰਕ, ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਦਸੱਦੀਏ ਕਿ ਹੁਣ ਜਿਨ੍ਹਾਂ ਕੋਲ 2,000 ਰੁਪਏ ਦੇ ਨੋਟ ਹਨ, ਉਹ 7 ਅਕਤੂਬਰ ਤੱਕ ਬੈਂਕ 'ਚ ਜਮ੍ਹਾ ਕਰਵਾ ਕੇ ਬਦਲਵਾ ਸਕਦੇ ਹਨ। RBI ਨੇ ਇਹ ਫੈਸਲਾ ਸਮੀਖਿਆ ਨੂੰ ਲੈ ਕੇ ਲਿਆ ਹੈ।
ਆਰਬੀਆਈ ਨੇ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਕਢਵਾਉਣ ਦੀ ਪ੍ਰਕਿਰਿਆ ਦੇ ਨਿਰਧਾਰਤ ਸਮੇਂ ਦੀ ਸਮਾਪਤੀ ਤੋਂ ਬਾਅਦ, ਸਮੀਖਿਆ ਦੇ ਆਧਾਰ 'ਤੇ, 2000 ਰੁਪਏ ਦੇ ਨੋਟ ਜਮ੍ਹਾ ਕਰਨ ਅਤੇ ਬਦਲਣ ਦੀ ਮੌਜੂਦਾ ਪ੍ਰਣਾਲੀ ਨੂੰ 7 ਅਕਤੂਬਰ, 2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
30 ਸਤੰਬਰ ਤੱਕ ਸੀ ਪਹਿਲਾਂ ਨੋਟ ਬਦਲਣ ਦਾ ਸਮਾਂ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਸਾਲ 19 ਮਈ ਨੂੰ ਆਰਬੀਆਈ ਨੇ ਇੱਕ ਸਰਕੂਲਰ ਜਾਰੀ ਕਰਕੇ 30 ਸਤੰਬਰ ਤੱਕ ਬੈਂਕਾਂ ਵਿੱਚ 2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲੀ ਕਰਨ ਲਈ ਕਿਹਾ ਸੀ। ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, 19 ਮਈ, 2023 ਤੱਕ, ਕੁੱਲ 2000 ਰੁਪਏ ਦੇ 3.56 ਲੱਖ ਕਰੋੜ ਰੁਪਏ ਦੇ ਨੋਟ ਪ੍ਰਚਲਨ ਵਿੱਚ ਸਨ। ਇਸ ਵਿੱਚੋਂ 29 ਸਤੰਬਰ ਤੱਕ 3.42 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁੱਕੇ ਹਨ। ਹੁਣ ਬਾਜ਼ਾਰ 'ਚ ਸਿਰਫ 0.14 ਲੱਖ ਕਰੋੜ ਰੁਪਏ ਦੇ ਨੋਟ ਹਨ।
ਭਾਰਤ ਸਰਕਾਰ ਨੇ 2016 ਵਿੱਚ ਜਾਰੀ ਕੀਤੇ ਸਨ ਨੋਟ
2000 ਰੁਪਏ ਦਾ ਨੋਟ ਨਵੰਬਰ 2016 ਵਿੱਚ ਬਾਜ਼ਾਰ ਵਿੱਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਥਾਂ 'ਤੇ ਨਵੇਂ ਪੈਟਰਨ 'ਚ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ। ਹਾਲਾਂਕਿ, ਆਰਬੀਆਈ ਨੇ ਸਾਲ 2018-19 ਤੋਂ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਜਦੋਂ ਕਿ 2021-22 ਵਿੱਚ 38 ਕਰੋੜ 2000 ਰੁਪਏ ਦੇ ਨੋਟ ਨਸ਼ਟ ਕੀਤੇ ਗਏ ਸਨ।