ਜਲੰਧਰ ਦੇ ਗਦਾਈਪੁਰ ਨੇੜੇ ਸੰਜੇ ਗਾਂਧੀ ਨਗਰ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਐਕਟਿਵਾ ਸਵਾਰ 13 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਇਹ ਹਾਦਸਾ ਟਰੱਕ ਡਰਾਈਵਰ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ, ਜਿਸ ਕਾਰਨ ਪਿੱਛੇ ਤੋਂ ਐਕਟਿਵਾ 'ਤੇ ਆ ਰਹੇ ਬੱਚੇ ਦੀ ਟੱਕਰ ਹੋ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਵੀ ਮਲਹੋਤਰਾ ਵਜੋਂ ਹੋਈ ਹੈ, ਜੋ ਭਗਤ ਸਿੰਘ ਕਾਲੋਨੀ ਦਾ ਰਹਿਣ ਵਾਲਾ ਸੀ।
ਖਾਣਾ ਦੇ ਕੇ ਆ ਰਿਹਾ ਸੀ ਵਾਪਸ
ਅਵੀ ਐਕਟਿਵਾ 'ਤੇ ਆਪਣੇ ਗੁਆਂਢੀ ਨੂੰ ਖਾਣਾ ਪਹੁੰਚਾਉਣ ਗਿਆ ਸੀ। ਇਸ ਦੌਰਾਨ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਟਰੱਕ ਦੀ ਅਚਾਨਕ ਬ੍ਰੇਕ ਲੱਗਣ ਕਾਰਨ ਅਵੀ ਨੇ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਨਾਲ ਟਕਰਾ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਰਿਵਾਰ ਦਾ ਸੀ ਇਕਲੌਤਾ ਪੁੱਤਰ
ਅਵੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ 'ਚ ਸੋਗ ਦੀ ਲਹਿਰ ਦੌੜ ਗਈ। ਮੌਕੇ 'ਤੇ ਅਵੀ ਦੀ ਭੈਣ ਵੀ ਬੁਰੀ ਤਰ੍ਹਾਂ ਰੋਣ ਲੱਗੀ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਛੋਟੇ ਭਰਾ ਦੇ ਉਸ ਨੇ ਰੱਖੜੀ ਬੰਨ੍ਹੀ ਸੀ, ਉਹ ਇੰਨੀ ਜਲਦੀ ਉਸ ਨੂੰ ਛੱਡ ਜਾਵੇਗਾ।
ਟਰੱਕ ਡਰਾਇਵਰ ਫਰਾਰ
ਏਸੀਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਸੀ। ਪੁਲਸ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਿਸ ਨੇ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।