ਕਾਂਗਰਸ ਦੇ ਸੀਨੀਅਰ ਆਗੂ ਰਹਿ ਚੁੱਕੇ ਚੌਧਰੀ ਮਤੀਨ ਅਹਿਮਦ ਅੱਜ 'ਆਪ' ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿਚ ਸਵਾਗਤ ਕੀਤਾ। ਮਤੀਨ ਅਹਿਮਦ ਸੀਨੀਅਰ ਕਾਂਗਰਸੀ ਆਗੂ ਅਤੇ ਦਿੱਲੀ ਤੋਂ 5 ਵਾਰ ਵਿਧਾਇਕ ਰਹਿ ਚੁੱਕੇ ਹਨ।
ਅਰਵਿੰਦ ਕੇਜਰੀਵਾਲ ਨੇ ਪਾਰਟੀ 'ਚ ਕਰਵਾਇਆ ਸ਼ਾਮਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਤੀਨ ਦੇ ਘਰ ਗਏ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੀ ਮੌਜੂਦ ਸਨ। ਅਰਵਿੰਦ ਕੇਜਰੀਵਾਲ ਖੁਦ ਮਤੀਨ ਦੇ ਘਰ ਪਹੁੰਚੇ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੀ ਵਿਧਾਨ ਸਭਾ ਲਈ ਟਿਕਟ ਉਨ੍ਹਾਂ ਦੇ ਪਰਿਵਾਰ ਲਈ ਪੱਕੀ ਹੋ ਗਈ ਹੈ।
5 ਵਾਰ ਰਹਿ ਚੁੱਕੇ ਵਿਧਾਇਕ
ਮਤੀਨ ਅਹਿਮਦ 1993 ਤੋਂ 2015 ਦਰਮਿਆਨ ਪੰਜ ਵਾਰ ਸੀਲਮਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਦਿੱਲੀ ਜਲ ਬੋਰਡ ਦੇ ਸਾਬਕਾ ਉਪ ਚੇਅਰਮੈਨ ਵੀ ਰਹਿ ਚੁੱਕੇ ਹਨ। ਜਦੋਂ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਦਿੱਲੀ ਵਕਫ਼ ਬੋਰਡ ਦਾ ਚੇਅਰਮੈਨ ਵੀ ਬਣਾਇਆ ਗਿਆ ਸੀ। ਦਿੱਲੀ ਵਿੱਚ ਮੁਸਲਿਮ ਵੋਟਰਾਂ ਦੇ ਪ੍ਰਭਾਵ ਵਾਲੇ ਕਰੀਬ 10 ਵਿਧਾਨ ਸਭਾ ਹਲਕਿਆਂ ਵਿੱਚ ਉਨ੍ਹਾਂ ਦੀ ਪਕੜ ਚੰਗੀ ਮੰਨੀ ਜਾਂਦੀ ਹੈ।
ਅਗਲੇ ਸਾਲ ਹੋਣੀਆਂ ਹਨ ਵਿਧਾਨ ਸਭਾ ਚੋਣਾਂ
ਦੀਵਾਲੀ ਮੌਕੇ ਕਾਂਗਰਸ ਦੇ ਬਾਬਰਪੁਰ ਜ਼ਿਲ੍ਹਾ ਪ੍ਰਧਾਨ ਮਤੀਨ ਅਹਿਮਦ ਦੇ ਪੁੱਤਰ ਚੌਧਰੀ ਜ਼ੁਬੇਰ ਤੇ ਚੌਹਾਨ ਬਾਂਗਰ ਤੋਂ ਕਾਂਗਰਸੀ ਕੌਂਸਲਰ ਸ਼ਗੁਫ਼ਤਾ ਚੌਧਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ 'ਤੇ ਫਰਵਰੀ 2025 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਮਤੀਨ ਅਹਿਮਦ ਬਾਰੇ
ਮਤੀਨ ਅਹਿਮਦ ਪਹਿਲੀ ਵਾਰ ਜਨਤਾ ਦਲ ਦੀ ਟਿਕਟ 'ਤੇ 1993 ਵਿੱਚ ਦਿੱਲੀ ਦੇ ਸੀਲਮਪੁਰ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਭਾਜਪਾ ਦੇ ਜੈ ਕਿਸ਼ਨ ਦਾਸ ਗੁਪਤਾ ਨੂੰ 1,438 ਵੋਟਾਂ ਨਾਲ ਹਰਾਇਆ। 1996 ਵਿੱਚ ਉਹ ਜਨਤਾ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। 1998 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਭਾਜਪਾ ਨੂੰ 16,375 ਵੋਟਾਂ ਨਾਲ ਹਰਾਇਆ।
ਸਾਲ 2003 ਅਤੇ 2008 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਕਾਂਗਰਸ ਦੀ ਟਿਕਟ 'ਤੇ ਤੀਜੀ ਅਤੇ ਚੌਥੀ ਵਾਰ ਦਿੱਲੀ ਵਿਧਾਨ ਸਭਾ ਲਈ ਚੁਣੇ ਗਏ ਸਨ।