ਸੰਗਰੂਰ ਤੋਂ ਇਕ ਮੰਦਭਾਗੀ ਖਬਰ ਮਿਲੀ ਹੈ, ਜਿਥੇ ਚੱਲਦੀ ਬੱਸ ਵਿਚੋਂ ਮਾਵਾਂ-ਧੀਆਂ ਦੇ ਡਿੱਗ ਜਾਣ ਕਾਰਣ ਇਕ ਦੀ ਮੌਤ ਹੋ ਗਈ।
ਮਾਮਲਾ ਧੂਰੀ ਦੇ ਪਿੰਡ ਕਾਤਰੋਂ ਦਾ ਹੈ, ਜਿਥੇ ਇਹ ਦਰਦਨਾਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਚਲਦੀ ਬੱਸ ਵਿਚੋਂ ਮਾਂਵਾਂ-ਧੀਆਂ ਡਿੱਗ ਗਈਆਂ, ਜਿਸ ਕਾਰਨ ਮਾਂ ਦੀ ਮੌ.ਤ ਹੋ ਗਈ, ਜਦਕਿ ਧੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਕੀ ਕਹਿਣਾ ਹੈ ਮ੍ਰਿਤਕਾ ਦੇ ਪਤੀ ਦਾ
ਮ੍ਰਿਤਕ ਦੇ ਪਤੀ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਪਤਨੀ ਸਮੇਤ ਪਿੰਡ ਸੰਘੇੜਾ ਤੋਂ ਨਾਭਾ ਜਾ ਰਿਹਾ ਸੀ। ਇਸ ਦੌਰਾਨ ਉਹ ਸਰਕਾਰੀ ਪੀਆਰਟੀਸੀ ਦੀ ਬੱਸ ਵਿੱਚ ਸਵਾਰ ਹੋਏ। ਪੀੜਤ ਨੇ ਦੱਸਿਆ ਕਿ ਉਹ ਧੂਰੀ ਨਜ਼ਦੀਕ ਪਿੰਡ ਕਾਤਰੋਂ ਕੋਲ ਪਹੁੰਚੇ ਤਾਂ ਬੱਸ ਦੇ ਡਰਾਈਵਰ ਨੇ ਅਣਗਹਿਲੀ ਨਾਲ ਬੱਸ ਚਲਾਉਂਦੇ ਹੋਏ ਮੋੜ 'ਤੇ ਇਕਦਮ ਤੇਜ਼ੀ ਨਾਲ ਕੱਟ ਮਾਰਿਆ, ਜਿਸ ਕਾਰਨ ਉਸ ਦੀ ਪਤਨੀ ਤੇ ਬੱਚੀ ਬੱਸ ਦੀ ਬਾਰੀ ਵਿਚੋਂ ਬਾਹਰ ਡਿੱਗੀ ਗਈਆਂ। ਇਸ ਕਾਰਣ ਉਸ ਦੀ ਪਤਨੀ ਹਿਨਾ ਦੀ ਸਿਰ ਵਿੱਚ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੱਚੀ ਦੇ ਕਾਫੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਕੰਡਕਟਰ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਬਸ ਦੇ ਕੰਡਕਟਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਕਿ ਧੁੰਦ ਕਾਰਨ ਬਸ ਹੌਲੀ ਜਾ ਰਹੀ ਸੀ। ਇਸ ਦੌਰਾਨ ਬੱਚੇ ਨੂੰ ਉਲਟੀ ਕਰਵਾਉਂਦੇ ਸਮੇਂ ਇਹ ਹਾਦਸਾ ਵਾਪਰਿਆ ਹੈ।
ਹਾਦਸੇ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।