ਲੁਧਿਆਣਾ ਦੇ ਸਮਰਾਲਾ ਵਿੱਚ ਝਾੜ ਸਾਹਿਬ ਨੇੜੇ ਸ਼ਰਧਾਲੂਆਂ ਨਾਲ ਭਰੀ ਇੱਕ ਗੱਡੀ ਰੋਪੜ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ 'ਚ 2 ਬੱਚਿਆਂ ਅਤੇ 2 ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤਾਂ ਦੀ ਪਛਾਣ ਮਹਿੰਦਰ ਕੌਰ (65), ਕਰਮਜੀਤ ਕੌਰ (52) ਵਜੋਂ ਹੋਈ ਹੈ, ਜੋ ਮਾਂ-ਧੀ ਦੱਸੀਆਂ ਜਾਂਦੀਆਂ ਹਨ। ਬੱਚੀ ਗਗਨਜੋਤ ਕੌਰ (15) ਦੀ ਵੀ ਮੌਤ ਹੋ ਗਈ, ਜਦਕਿ ਇਕ ਲੜਕੀ ਦਾ ਨਾਂ ਪਤਾ ਨਹੀਂ ਲੱਗ ਸਕਿਆ। ਜਦਕਿ ਬਾਕੀਆਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਗੱਡੀ ਵਿੱਚ 16 ਸ਼ਰਧਾਲੂ ਸਵਾਰ ਸਨ
ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ ਪਿੰਡ ਪਾਇਲ ਦੇ ਰਹਿਣ ਵਾਲੇ ਇਹ ਸ਼ਰਧਾਲੂ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਪਿੱਕਅੱਪ 'ਚ ਗਏ ਸਨ। ਪਿਕਅੱਪ ਗੱਡੀ 'ਚ ਕਰੀਬ 16 ਸ਼ਰਧਾਲੂ ਸਵਾਰ ਸਨ, ਜਿਨ੍ਹਾਂ 'ਚ 4 ਬੱਚੇ ਵੀ ਸਨ ਅਤੇ ਸਾਰੇ ਹੀ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਫਿਰ ਸਵੇਰੇ 7 ਵਜੇ ਕਾਰ ਪਿੰਡ ਬਹਿਲੋਲਪੁਰ ਨੇੜੇ ਸਰਹਿੰਦ ਨਹਿਰ ਦੇ ਕੰਢੇ ਆਪਣਾ ਸੰਤੁਲਨ ਗੁਆ ਬੈਠੀ ਅਤੇ ਨਹਿਰ ਦੇ ਕਿਨਾਰੇ ਸੜਕ ਤੋਂ ਕਰੀਬ 30 ਫੁੱਟ ਹੇਠਾਂ ਜਾ ਡਿੱਗੀ।
ਹਸਪਤਾਲ ਵਿੱਚ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ
ਦਰੱਖਤਾਂ ਕਾਰਣ ਗੱਡੀ ਨਹਿਰ ਵਿੱਚ ਡਿੱਗਣ ਤੋਂ ਬਚ ਗਈ ਪਰ ਇੱਕ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿੱਚ ਡਿੱਗ ਕੇ ਰੁੜ੍ਹ ਗਿਆ, ਜਦਕਿ ਬਾਕੀ ਗੰਭੀਰ ਜ਼ਖ਼ਮੀ ਹੋ ਗਏ। 12 ਜ਼ਖਮੀ ਸ਼ਰਧਾਲੂ ਚਮਕੌਰ ਸਾਹਿਬ ਦੇ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ
ਗੱਡੀ ਨੂੰ ਕਰੇਨ ਰਾਹੀਂ ਬਾਹਰ ਕੱਢਿਆ
ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਕਰੇਨ ਬੁਲਾ ਕੇ ਗੱਡੀ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਵੀ ਇਲਾਜ ਲਈ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਵਿੱਚ ਅਮਨਪ੍ਰੀਤ ਕੌਰ, ਸਰੂਪ ਸਿੰਘ, ਪ੍ਰਿਤਪਾਲ ਕੌਰ, ਰੂਪ ਸਿੰਘ, ਸੰਦੀਪ ਕੌਰ, ਪ੍ਰਵੀਨ ਕੌਰ, ਬਲਜਿੰਦਰ ਸਿੰਘ, ਸੁਖਵੀਰ ਕੌਰ, ਗਿਆਨ ਕੌਰ, ਮਨਪ੍ਰੀਤ ਕੌਰ, ਜੀਵਨ ਸਿੰਘ, ਗੁਰਪ੍ਰੀਤ ਸਿੰਘ ਸ਼ਾਮਲ ਹਨ।